- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਡੀਏਵੀ ਪਬਲਿਕ ਸਕੂਲ ਵਿੱਚ ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੀ ਸ਼ੁਰੂਆਤ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੀ ਸ਼ੁਰੂਆਤ ਅੱਜ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਹੋਈ। ਚੈਂਪੀਅਨਸ਼ਿਪ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਵੱਲੋਂ ਕੀਤਾ ਗਿਆ। ਇਸ ਮੌਕੇ ਜਲੰਧਰ ਦੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਦੀ ਐਂਟਰੀ ਅਤੇ ਰਜਿਸਟ੍ਰੇਸ਼ਨ ਕੀਤੀ ਗਈ। ਮੁਕਾਬਲੇ 3 ਅਕਤੂਬਰ ਨੂੰ ਸਵੇਰੇ 8 ਵਜੇ ਪੁਲਿਸ ਡੀਏਵੀ ਪਬਲਿਕ ਸਕੂਲ ਦੇ ਸਕੇਟਿੰਗ ਰਿੰਕ ਵਿਖੇ ਸ਼ੁਰੂ ਹੋਣਗੇ। ਇਸ ਚੈਂਪੀਅਨਸ਼ਿਪ ਵਿੱਚ ਅੰਡਰ-14, ਅੰਡਰ-17, ਅੰਡਰ-21 ਅਤੇ 21 ਤੋਂ 30 ਸਾਲ ਤੱਕ ਦੇ ਉਮਰ ਵਰਗਾਂ ਵਿੱਚ ਲੜਕੇ ਅਤੇ ਲੜਕੀਆਂ ਹਿੱਸਾ ਲੈਣਗੇ। ਇਨ੍ਹਾਂ ਵਰਗਾਂ ਵਿੱਚ ਇਨਲਾਈਨ ਅਤੇ ਕਵਾਡ ਸਕੇਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿਲਬਾਗ ਸਿੰਘ ਕਾਹਲੋਂ ਵੱਲੋਂ ਦਿੱਤੀ ਗਈ। ਚੈਂਪੀਅਨਸ਼ਿਪ ਨੂੰ ਲੈ ਕੇ ਖਿਡਾਰੀਆਂ ਅਤੇ ਕੋਚਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਸਕੇਟਿੰਗ ਕੋਚ ਸਰਵੀਸ਼ ਓਬਰਾਏ, ਬਲਰਾਮ ਕੁਮਾਰ, ਮਨੀਸ਼ ਕੁਮਾਰ, ਪਰਮਜੀਤ, ਬਖਸ਼ੀਸ਼ ਸਿੰਘ ਅਤੇ ਡਿੰਪੀ ਮਲਿਕ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਦੇ ਕੋਚਾਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਸ੍ਰ. ਗੁਰਪ੍ਰੀਤ ਸਿੰਘ ਬਾਜਵਾ ਅਤੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਨੂੰ ਗੁਲਦਸਤੇ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।