- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਂਈ ਦਾਸ ਸਕੂਲ ਵਿਖੇ ਕਰਵਾਇਆ ਜ਼ਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ

-ਨੰਨ੍ਹੇ ਵਿਗਿਆਨੀਆਂ ਨੇ ਦਿਖਾਏ ਆਪਣੀ ਕਲਾ ਦੇ ਜੌਹਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਰਾਜ ਵਿਗਿਆਨ ਤੇ ਟੈਕਨਾਲੋਜੀ ਕੌਂਸਲ ਵੱਲੋਂ ਜ਼ਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ਜ਼ਿਲ੍ਹੇ ਦੇ ਸਾਈਂ ਦਾਸ ਏਐੱਸ ਸੀਨੀਅਰ ਸੈਕੰਡਰੀ ਸਕੂਲ ਪਟੇਲ ਚੌਕ ਵਿਖੇ ਕਰਵਾਈ ਗਈ। ਇਸ ਬਾਲ ਵਿਗਿਆਨ ਕਾਂਗਰਸ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨੈਸ਼ਨਲ ਅਵਾਰਡੀ ਡਾ.ਗੁਰਿੰਦਰਜੀਤ ਕੌਰ ਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸਟੇਟ ਅਵਾਰਡੀ ਰਾਜੀਵ ਜੋਸ਼ੀ ਦੀ ਅਗਵਾਈ ਹੇਠ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਪ੍ਰਿੰਸੀਪਲ ਰਾਕੇਸ਼ ਸ਼ਰਮਾ ਤੇ ਜ਼ਿਲ੍ਹਾ ਕੋਆਰਡੀਨੇਟਰ ਹਰਜੀਤ ਕੁਮਾਰ ਬਾਵਾ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਅਕਾਦਮਿਕ ਕੋਆਰਡੀਨੇਟਰ ਹਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜੂਨੀਅਰ ਤੇ ਸੀਨੀਅਰ ਵਰਗ ਦੇ ਇਹ ਮੁਕਾਬਲੇ ਕੌਮੀ ਬਾਲ ਵਿਗਿਆਨ ਕਾਂਗਰਸ 2026 ਅਧੀਨ ਕਰਵਾਏ ਜਾ ਰਹੇ ਹਨ। ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਬਾਲ ਸਾਇੰਸ ਕਾਂਗਰਸ, ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦਾ ਇਕ ਮਹੱਤਵਪੂਰਨ ਉਪਰਾਲਾ ਹੈ। ਸਾਈਂ ਦਾਸ ਏਐੱਸ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਸ ਵਰ੍ਹੇ ਬਾਲ ਵਿਗਿਆਨ ਕਾਂਗਰਸ ਦਾ ਮੁੱਖ ਵਿਸ਼ਾ ਟਿਕਾਊ ਵਿਕਾਸ ਲਈ ਵਿਗਿਆਨ ਤੇ ਨਵੀਨਤਾ ਹੈ। ਇਸ ਮੌਕੇ ਜ਼ਿਲ੍ਹਾ ਬਾਲ ਵਿਗਿਆਨ ਕਾਂਗਰਸ ਦੇ ਕੋਆਰਡੀਨੇਟਰ ਹਰਜੀਤ ਕੁਮਾਰ ਬਾਵਾ ਨੇ ਦੱਸਿਆ ਕਿ ਬਾਲ ਵਿਗਿਆਨ ਕਾਂਗਰਸ ਇਕ ਅਜਿਹਾ ਮਾਧਿਅਮ ਹੈ, ਜਿਸ ਵਿੱਚ ਬੱਚੇ ਨੂੰ ਵਿਗਿਆਨਿਕ ਢੰਗ ਦੀ ਵਰਤੋਂ ਕਰਦੇ ਹੋਏ ਆਪਣੇ ਆਸ-ਪਾਸ ਦੀਆਂ ਸਮੱਸਿਆਵਾਂ ਦੇ ਵਿਗਿਆਨਕ ਹੱਲ ਲੱਭਣ ਦਾ ਮੌਕਾ ਮਿਲਦਾ ਹੈ। ਜੂਨੀਅਰ ਵਰਗ ਦੇ ਮੁਕਾਬਲਿਆਂ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਚੀ ਨੇ ਦੂਸਰਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਦੇ ਮੁਕਾਬਲਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਕੋਹਾ ਨੇ ਦੂਸਰਾ ਤੇ ਸਰਕਾਰੀ ਕੰਨਿਆ ਹਾਈ ਸਕੂਲ ਗਾਂਧੀ ਨਗਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੱਜ ਦੇ ਮੁਕਾਬਲਿਆਂ ’ਚ ਲੈਕਚਰਾਰ ਨਰੇਸ਼ ਕੁਮਾਰ, ਕੰਚਨ ਸ਼ਰਮਾ, ਰਾਜੇਸ਼ ਸ਼ਰਮਾ ਤੇ ਕੁਲਭੂਸ਼ਨ ਵਸ਼ਿਸ਼ਟ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਪ੍ਰੋਗਰਾਮ ਦੇ ਅਖ਼ੀਰ ’ਚ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਜ਼ਿਲ੍ਹਾ ਕੋਆਰਡੀਨੇਟਰ ਹਰਜੀਤ ਕੁਮਾਰ ਬਾਵਾ ਤੇ ਅਕਾਦਮਿਕ ਕੋਆਰਡੀਨੇਟਰ ਹਰਦਰਸ਼ਨ ਸਿੰਘ ਵੱਲੋਂ ਜੇਤੂ ਵਿੱਦਿਆਰਥੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨੀਸ਼ ਸ਼ਰਮਾ, ਹਰਜੀਤ ਸਿੰਘ, ਵਿਨੇ ਸ਼ਰਮਾ ਤੇ ਜਤਿੰਦਰ ਕੌਰ ਸਮੇਤ ਸਮੂਹ ਗਾਈਡ ਅਧਿਆਪਕ ਮੌਜੂਦ ਸਨ।