- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਵੋਟਾਂ ਅੱਜ

-ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ, ਅੱਜ ਹੀ ਹੋਵੇਗਾ ਨਤੀਜਿਆਂ ਦਾ ਐਲਾਨ
-ਸੀਸੀਟੀਵੀ ਰਾਹੀਂ ਰੱਖੇਗੀ ਜਾਵੇਗੀ ਨਿਗਰਾਨੀ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 2026-27 ਦੀਆਂ ਚੋਣਾਂ ਲਈ ਵੋਟਾਂ ਅੱਜ 11 ਸਤੰਬਰ ਨੂੰ ਪੈਣਗੀਆਂ। ਇਨ੍ਹਾਂ ਚੋਣਾਂ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਇਨ੍ਹਾਂ ਚੋਣਾਂ ਲਈ ਨਿਯੁਕਤ ਕੀਤੇ ਗਏ ਚੋਣ ਅਧਿਕਾਰੀਆਂ ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਤੇਜਿੰਦਰ ਸਿੰਘ ਧਾਲੀਵਾਲ, ਐਡਵੋਕੇਟ ਬਲਵਿੰਦਰ ਸਿੰਘ ਲੱਕੀ, ਐਡਵੋਕੇਟ ਸਤਨਾਮ ਸਿੰਘ ਹੁੰਦਲ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਗੁਰਬਚਨ ਲਾਲ ਗਗਨੇਜਾ, ਐਡਵੋਕੇਟ ਰਾਜੀਵ ਕੋਹਲੀ, ਐਡਵੋਕੇਟ ਓਪੀ ਕੰਗਨੀਵਾਲ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁੱਲ 28 ਉਮੀਦਵਾਰ ਚੋਣ ਮੈਦਾਨ ’ਚ ਹਨ ਤੇ ਇਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਬਾਰ ਦੇ 3398 ਵਕੀਲ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ 3 ਬੂਥ ਬਣਾਏ ਗਏ ਹਨ, ਜਿਨ੍ਹਾਂ ’ਚੋਂ ਵੋਟਿੰਗ ਸਲਿੱਪ ਮਿਲੇਗੀ ਤੇ ਇਸ ਤੋਂ ਇਲਾਵਾ 19 ਹੋਰ ਬੂਥ ਤਿਆਰ ਕੀਤੇ ਗਏ ਹਨ, ਜਿੱਥੇ ਵੋਟ ਪਾਈ ਜਾ ਸਕੇਗੀ। ਸੀਨੀਅਰ ਸਿਟੀਜ਼ਨ ਵਕੀਲ ਜੋ ਕਿ 60 ਸਾਲ ਤੋਂ ਵੱਧ ਹਨ ਲਈ ਸਿੱਧੇ ਜਾ ਕੇ ਵੋਟ ਪਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਾਈਨ ’ਚ ਖੜ੍ਹੇ ਹੋ ਕੇ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਕਿਸੇ ਵੀ ਕਾਰਨ ਚੱਲਣ ’ਚ ਅਸਮਰਥ ਵਕੀਲਾਂ ਲਈ ਵਹੀਲ ਚੇਅਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਸਾਰੀ ਵੋਟਿੰਗ ’ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਤੇ ਐੱਲਈਡੀ ਸਕਰੀਨ ਲਗਾਈ ਗਈ ਹੈ। ਇਸ ਤੋਂ ਇਲਾਵਾ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਤੇ ਐਡਵੋਕੇਟ ਪਰਮਿੰਦਰ ਸਿੰਘ ਢਿੱਲੋਂ ਚੋਣ ਆਬਜ਼ਰਵਰ ਉੱਥੇ ਮੌਜੂਦ ਰਹਿਣਗੇ ਜੋ ਕਿ ਇਨ੍ਹਾਂ ਚੋਣਾਂ ’ਤੇ ਪੂਰੀ ਬਾਜ਼ ਅੱਖ ਰੱਖਣਗੇ। ਚੋਣ ਅਧਿਕਾਰੀਆਂ ਨੇ ਕਿਹਾ ਕਿ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਦੁਪਹਿਰ ਇਕ ਤੋਂ ਡੇਢ ਵਜੇ ਤੱਕ ਅੱਧਾ ਘੰਟਾ ਖਾਣੇ ਦਾ ਸਮਾਂ ਰਹੇਗਾ। ਵੋਟਿੰਗ ਖ਼ਤਮ ਹੁੰਦੇ ਹੀ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ। ਗਿਣਤੀ ਲਈ 44 ਮੈਂਬਰਾਂ ਦੀ ਟੀਮ ਲਗਾਈ ਗਈ ਹੈ ਤੇ ਦੇਰ ਸ਼ਾਮ ਤੱਕ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵੋਟਰ ਇਕ-ਇਕ ਕਰਕੇ ਵੋਟ ਪਾਉਣ ਜਾਣਗੇ ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਜਾਂ ਨਾਅਰੇਬਾਜ਼ੀ ਦੀ ਇਜਾਜ਼ਤ ਨਹੀਂ ਹੋਵੇਗੀ। ਬਾਰ ਦੀਆਂ ਚੋਣਾਂ ਲਈ ਪਹਿਲੀ ਵਾਰ ਇਕ ਲਿੰਕ ਵੀ ਬਣਾਇਆ ਜਾਵੇਗਾ, ਜਿਸ ਰਾਹੀਂ ਵਕੀਲ ਮੈਂਬਰ ਘਰ ਬੈਠ ਕੇ ਸਾਰੀ ਵੋਟਿੰਗ ਹੁੰਦੀ ਵੇਖ ਸਕਣਗੇ। ਐਡਵੋਕੇਟ ਸੰਜੀਵ ਬਾਂਸਲ ਨੇ ਦੱਸਿਆ ਕਿ ਇਹ ਚੋਣਾਂ ਪੂਰੀ ਤਰ੍ਹਾਂ ਪਾਰਦਰਸ਼ੀ, ਨਿਰਪੱਖ ਤੇ ਸ਼ਾਂਤਮਈ ਤਰੀਕੇ ਨਾਲ ਕਰਵਾਈਆਂ ਜਾਣਗੀਆਂ।