- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਆਰਆਈ ਦੀ ਜ਼ਮੀਨ ’ਤੇ ਵਿਵਾਦ ਦਾ ਮਾਮਲਾ ਪੁੱਜਾ ਸੀਐੱਮ ਦਰਬਾਰ

-26 ਵਿਅਕਤੀਆਂ ਖ਼ਿਲਾਫ਼ ਡੀਸੀ ਤੋਂ ਲੈ ਕੇ ਸੀਐੱਮ ਤੇ ਵਿਜੀਲੈਂਸ, ਈਡੀ ਨੂੰ ਭੇਜੀਆਂ ਸ਼ਿਕਾਇਤਾਂ
-ਐੱਸਆਰ ਦਫਤਰ-1 ਵੱਲੋਂ ਨੋਟਿਸ ਜਾਰੀ, 5 ਤੱਕ ਪੇਸ਼ ਹੋਣ ਦੇ ਹੁਕਮ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਲੱਧੇਵਾਲੀ ਦੀ 40 ਮਰਲੇ ਜ਼ਮੀਨ ਨਾਲ ਜੁੜਿਆ ਮਾਮਲਾ ਹੁਣ ਗੰਭੀਰ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਇਸ ਮਾਮਲੇ ਸਬੰਧੀ ਦਿੱਤੀਆਂ ਗਈਆਂ ਦੋ ਸ਼ਿਕਾਇਤਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਰਹਿੰਦੇ ਐੱਨਆਰਆਈ ਦਲਮਿੰਦਰ ਸਿੰਘ ਮਿਨਹਾਸ ਦੀ ਮੌਤ ਹੋਣ ਤੋਂ ਬਾਅਦ ਵੀ ਉਸ ਦੀ ਜ਼ਮੀਨ ਨਾਲ ਸਬੰਧਤ 11 ਵਿਕਰੀ ਦਸਤਾਵੇਜ਼ ਰਜਿਸਟਰ ਕਰ ਦਿੱਤੇ ਗਏ। ਸ਼ਿਕਾਇਤਕਰਤਾ ਦੀਨਾਨਾਥ ਨੇ ਇਸ ਮਾਮਲੇ ’ਚ ਮਨਮੋਹਨ ਸਿੰਘ ਉਰਫ਼ ਰਾਜੂ, ਸੁਮਿਤ ਸਿੰਘ, ਜਸਮੀਤ ਸਿੰਘ ਉਰਫ਼ ਸ਼ੁਭਮ ਸਮੇਤ 26 ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
---------------------------
ਸਨਰਾਈਜ਼ ਰੈਜ਼ੀਡੈਂਸੀ’ ਦਾ ਲਾਇਸੈਂਸ ਰੱਦ ਕਰਨ ਦੀ ਮੰਗ
ਮਾਮਲੇ ਸਬੰਧੀ ਇੱਕ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ, ਡੀਜੀਪੀ ਪੰਜਾਬ, ਮੁੱਖ ਵਿਜੀਲੈਂਸ ਅਧਿਕਾਰੀ, ਪੁਲਿਸ ਕਮਿਸ਼ਨਰ ਜਲੰਧਰ, ਡਿਪਟੀ ਕਮਿਸ਼ਨਰ ਜਲੰਧਰ, ਕਮਿਸ਼ਨਰ ਨਗਰ ਨਿਗਮ ਜਲੰਧਰ ਤੇ ਇਨਫੋਰਸਮੈਂਟ ਵਿਭਾਗ ਜਲੰਧਰ ਨੂੰ ਦਿੱਤੀ ਗਈ ਹੈ। ਸ਼ਿਕਾਇਤ ’ਚ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲੇ ਦੀ ਜਾਂਚ ਕਰਕੇ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦੂਜੀ ਸ਼ਿਕਾਇਤ ਡਿਪਟੀ ਕਮਿਸ਼ਨਰ ਜਲੰਧਰ ਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਨੂੰ ਕੀਤੀ ਗਈ ਹੈ। ਇਸ ’ਚ ਲੱਧੇਵਾਲੀ ’ਚ ਬਣਾਈ ਜਾ ਰਹੀ ‘ਸਨਰਾਈਜ਼ ਰੈਜ਼ੀਡੈਂਸੀ’ ਦਾ ਲਾਇਸੈਂਸ ਰੱਦ ਕਰਨ ਤੇ ਵਿਵਾਦਿਤ ਜ਼ਮੀਨ ਦਾ ਸਾਈਟ ਪਲਾਨ ਮਨਜ਼ੂਰ ਨਾ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਰਜਿੰਦਰ ਬੇਰੀ ਵੀ ਮੌਜੂਦ ਸਨ। ਸੀਐੱਮ ਦੇ ਨਾਮ ਏਡੀਸੀ (ਜਨਰਲ) ਮਨਿੰਦਰ ਕੌਰ ਬਰਾੜ ਨੂੰ ਸ਼ਿਕਾਇਤ ਸੌਂਪੀ ਗਈ।
---------------------
3 ਨਾਂ ਸਭ ਤੋਂ ਅੱਗੇ, 26 ਸ਼ਿਕਾਇਤ ਦੇ ਘੇਰੇ ’ਚ
ਸ਼ਿਕਾਇਤ ਵਿੱਚ ਸਭ ਤੋਂ ਪ੍ਰਮੁੱਖ ਤੌਰ ’ਤੇ ਮਨਮੋਹਨ ਸਿੰਘ ਉਰਫ਼ ਰਾਜੂ, ਸੁਮਿਤ ਸਿੰਘ ਅਤੇ ਜਸਮੀਤ ਸਿੰਘ ਉਰਫ਼ ਸ਼ੁਭਮ, ਵਾਸੀ 622-ਏ, ਸੂਰਿਆ ਐਨਕਲੇਵ, ਜਲੰਧਰ ਦੇ ਨਾਮ ਦਰਜ ਹਨ। ਇਸ ਤੋਂ ਇਲਾਵਾ ਨੰਬਰਦਾਰ ਸਤਪਾਲ ਸਿੰਘ, ਤਰਨਦੀਪ ਕੌਰ, ਪਵਿੱਤਰ ਸਿੰਘ, ਸੰਜੀਵ ਕੁਮਾਰ, ਸੰਨੀ, ਤਮੰਨਾ, ਮਨੀਸ਼ ਕੁਮਾਰ, ਰਾਜ ਕੁਮਾਰ, ਨੰਬਰਦਾਰ ਰੇਸ਼ਮ ਪਾਲ ਸਿੰਘ ਬਿੱਟਾ, ਜੈਸਿਕਾ ਸ਼ਰਮਾ, ਬਲਵਿੰਦਰ ਕੌਰ, ਡੌਲੀ ਸ਼ਰਮਾ, ਆਸ਼ੂਤੋਸ਼ ਸ਼ਰਮਾ, ਜੋਤੀ, ਮੁਸ਼ਤਾਕ ਆਲਮ, ਸਰਬਜੀਤ ਸਿੰਘ, ਗੁਰਮੀਤ ਕੌਰ, ਜੋਤੀ ਸੈਣੀ, ਕੰਸ ਰਾਜ, ਮਨੀਸ਼ਾ, ਜਸਵਿੰਦਰ ਪਾਲ ਮਹੇ, ਸਾਹਿਲ ਕੁਮਾਰ ਅਤੇ ਸਬ ਰਜਿਸਟਰਾਰ ਗੁਰਪ੍ਰੀਤ ਸਿੰਘ ਦਾ ਨਾਮ ਵੀ ਸ਼ਾਮਲ ਹੈ।
------------------------
ਅਧਿਕਾਰੀਆਂ ਦੀ ਭੂਮਿਕਾ ਨੂੰ ਦੱਸਿਆ ਸ਼ੱਕੀ
ਸ਼ਿਕਾਇਤ ’ਚ ਡੀਡ ਰਾਈਟਰਾਂ, ਵਿਕਰੀ ਦਸਤਾਵੇਜ਼ਾਂ ਦੇ ਗਵਾਹਾਂ ਤੇ ਰਜਿਸਟਰੀ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਮੰਗੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿਦਸਤਾਵੇਜ਼ਾਂ ਵਿੱਚ ਮਾਲਕ ਦੇ ਜ਼ਿੰਦਾ ਹੋਣ ਸੰਬੰਧੀ ਤੱਥ ਦਰਸਾਏ ਗਏ, ਜਦਕਿ ਉਸ ਦੀ ਮੌਤ ਪਹਿਲਾਂ ਹੋ ਚੁੱਕੀ ਸੀ। ਇਸ ਤੋਂ ਇਲਾਵਾ ਸ਼ਿਕਾਇਤ ਵਿੱਚ ਜ਼ਮੀਨ ਦੀ ਕੀਮਤ, ਟੀਡੀਐੱਸ ਅਤੇ ਸਰਕਾਰੀ ਮਾਲੀਏ ਨਾਲ ਸਬੰਧਤ ਵੀ ਕੁਝ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਦੀ ਪੁਸ਼ਟੀ ਰਿਕਾਰਡ ਅਤੇ ਅਧਿਕਾਰਤ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
-----------------------
ਹੁਣ ਜਾਂਚ ’ਤੇ ਟਿਕੀਆਂ ਨਜ਼ਰਾਂ
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਵੱਲੋਂ ਇੱਕ ਪਾਸੇ 11 ਰਜਿਸਟਰੀਆਂ ਦੀ ਜਾਂਚ ਅਤੇ ਐੱਫਆਈਆਰ ਦੀ ਮੰਗ ਕੀਤੀ ਗਈ ਹੈ, ਜਦਕਿ ਦੂਜੇ ਪਾਸੇ ‘ਸਨਰਾਈਜ਼ ਰੈਜ਼ੀਡੈਂਸੀ’ ਦਾ ਲਾਇਸੈਂਸ ਰੱਦ ਕਰਨ ਅਤੇ ਸਾਈਟ ਪਲਾਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਹੁਣ ਮਾਮਲੇ ਵਿੱਚ ਸੰਬੰਧਤ ਵਿਭਾਗਾਂ ਵੱਲੋਂ ਰਿਕਾਰਡ ਦੀ ਜਾਂਚ ਅਤੇ ਕਾਰਵਾਈ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।
----------------------
ਐੱਸਆਰ ਦਫਤਰ-1 ਨੇ ਜਾਰੀ ਕੀਤੇ ਨੋਟਿਸ
ਜਾਣਕਾਰੀ ਦਿੰਦੇ ਹੋਏ ਐੱਸਆਰ ਦਫਤਰ-1 ਦੇ ਆਰਸੀ ਸਿਮਰਨਜੀਤ ਕੌਰ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਸਬ ਰਜਿਸਟਰਾਰ ਦਫਤਰ-1 ਵੱਲੋਂ ਸਮੂਹ ਪਾਰਟੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਨੋਟਿਸਾਂ ਰਾਹੀਂ ਨੰਬਰਦਾਰਾਂ ਤੇ ਹੋਰਨਾਂ ਗਵਾਹਾਂ ਕੋਲੋਂ ਪੁਛਗਿੱਛ ਕੀਤੀ ਜਾਵੇਗੀ ਅਤੇ ਅਟਾਰਨੀ ਵਿੱਚ ਦਰਸਾਏ ਗਏ ਤੱਥਾਂ ਸੰਬੰਧੀ ਪਡ਼ਤਾਲ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸਾਰਿਆਂ ਨੂੰ 5 ਅਕਤੂਬਰ ਤੱਕ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।