ਦੇਸ਼ ਭਗਤ ਯਾਦਗਾਰ ਹਾਲ ’ਚ ਵਿਚਾਰ-ਚਰਚਾ 8 ਨੂੰ
ਸ਼ਹੀਦ ਭਗਤ ਸਿੰਘ ਤੇ ਬੀਕੇ ਦੱਤ ਨੂੰ ਯਾਦ ਕਰਦਿਆਂ 8 ਅਪ੍ਰੈਲ ਇਤਿਹਾਸਕ ਦਿਹਾੜੇ 'ਤੇ ਹੋਵੇਗੀ ਵਿਚਾਰ ਚਰਚਾ
Publish Date: Wed, 01 Apr 2026 07:02 PM (IST)
Updated Date: Wed, 01 Apr 2026 07:04 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ 8 ਅਪ੍ਰੈਲ ਨੂੰ ਇਤਿਹਾਸਿਕ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ, ਬੀਕੇ ਦੱਤ ਤੇ ਉਸਦੇ ਸਾਥੀਆਂ ਦੇ ਵਿਚਾਰਾਂ ਦੀ ਪ੍ਰਸੰਗਕਤਾ ਉਭਾਰਨ ਲਈ ਠੀਕ 2:30 ਵਜੇ ਦੇਸ਼ ਭਗਤ ਯਾਦਗਾਰ ਹਾਲ ’ਚ ਇਕ ਵਿਸ਼ੇਸ਼ ਵਿਚਾਰ ਚਰਚਾ ਮਿਲਣੀ ਕਰਵਾ ਰਹੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਰੋਜ਼ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਸੈਂਟਰਲ ਅਸੈਂਬਲੀ ਦਿੱਲੀ ’ਚ ਬੰਬ ਧਮਾਕਾ ਕਰਕੇ ਤੇ ਹੱਥ ਪਰਚੇ ਸੁੱਟ ਕੇ ਬਰਤਾਨਵੀ ਹਕੂਮਤ ਖ਼ਿਲਾਫ਼ ਧਮਾਕੇਦਾਰ ਆਵਾਜ਼ ਬੁਲੰਦ ਕੀਤੀ ਸੀ ਕਿ ਕਿਵੇਂ ਭਾਰਤੀ ਲੋਕਾਂ ਉੱਪਰ ਗ਼ੁਲਾਮੀ ਦਾ ਸ਼ਿਕੰਜਾ ਕੱਸਣ, ਹਰ ਤਰ੍ਹਾਂ ਦੇ ਮੁੱਢਲੇ ਮਨੁੱਖੀ ਅਧਿਕਾਰਾਂ ਤੋਂ ਵਾਂਝਿਆਂ ਕਰਨ ਤੇ ਮਜ਼ਦੂਰ ਜਮਾਤ ਦੀ ਬੁਰੀ ਤਰ੍ਹਾਂ ਆਵਾਜ਼ ਬੰਦ ਕਰਨ ਲਈ ‘ਪਬਲਿਕ ਸੇਫਟੀ ਬਿੱਲ’ ਤੇ ਟਰੇਡ ਡਿਸਪਿਊਟ ਬਿੱਲ ਲਿਆਂਦਾ ਜਾ ਰਿਹਾ ਹੈ, ਜਿਸ ਖ਼ਿਲਾਫ਼ ਆਮ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ।
ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ ਅਸੈਂਬਲੀ ’ਚ ਇਕ ਵਿਸ਼ੇਸ਼ ਮੰਤਵ ਨਾਲ ਹੱਥ ਪਰਚੇ ਸੁੱਟੇ ਜਿਨ੍ਹਾਂ ਉੱਪਰ ਲਿਖਿਆ ਸੀ ਕਿ, 'ਬੋਲਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ' ਉਨ੍ਹਾਂ ਨੇ ਉਸੇ ਵੇਲੇ ਗਿਰਫ਼ਤਾਰੀ ਵੀ ਦੇ ਦਿੱਤੀ ਤੇ ਅਦਾਲਤ ਨੂੰ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਬਾਖ਼ੂਬੀ ਨਾਲ ਵਰਤਣ ਦਾ ਰਾਹ ਚੁਣਿਆ। ਇਸ ਉਪਰੰਤ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਦਹਿਸ਼ਤਗਰਦ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ। ਸਮਾਜਿਕ ਬਦਲਾਅ ਭਾਵ ਇਨਕਲਾਬ ਦੇ ਚਿੰਨ੍ਹ ਭਗਤ ਸਿੰਘ ਨੂੰ ਇਕ ਅੱਤਵਾਦੀ ਤੇ ਬੰਬਾਂ ਪਿਸਤੌਲਾਂ ਤੱਕ ਸੀਮਤ ਕਰਨ ਲਈ ਹਰ ਹਰਬਾ ਵਰਤਿਆ ਗਿਆ ਜੋ ਅੱਜ ਵੀ ਹੋਛੇ ਢੰਗ ਨਾਲ਼ ਜਾਰੀ ਹੈ। ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਭਗਤ ਸਿੰਘ ਤੇ ਸਾਥੀਆਂ ਦੀ ਵਿਚਾਰਧਾਰਾ ਉਨਾਂ ਦੇ ਉਦੇਸ਼ਾਂ ਨੂੰ ਇਤਿਹਾਸਿਕ ਹਵਾਲਿਆਂ ਨਾਲ ਜਨਤਾ ਦੇ ਸਾਹਮਣੇ ਇਨ੍ਹਾਂ ਦਿਨਾਂ ’ਚ ਲਿਆਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਸਮੇਂ ਦੀ ਇਸ ਲੋੜ ਨੂੰ ਹੁੰਗਾਰਾ ਭਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ ਅੱਠ ਅਪ੍ਰੈਲ ਨੂੰ 2:30 ਵਜੇ ਦੇਸ਼ ਭਗਤ ਯਾਦਗਾਰ ਹਾਲ ’ਚ ਹੋ ਰਹੀ ਵਿਚਾਰ ਚਰਚਾ ਮਿਲਣੀ ’ਚ ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁੰਨਾਂ, ਇਨਕਲਾਬੀ ਜਮਹੂਰੀ ਲਹਿਰ ਦੇ ਕਾਮਿਆਂ, ਤਰਕਸ਼ੀਲਾਂ, ਜਮਹੂਰੀ ਕਾਰਕੁੰਨਾਂ ਨੂੰ ਉਚੇਚੇ ਤੌਰ ’ਤੇ ਸ਼ਾਮਲ ਹੋਣ ਦੀ ਲੋੜ ਹੈ।