ਐੱਨਆਈਟੀ ਜਲੰਧਰ ’ਚ ਜੀਐੱਸਟੀ ਦੇ ਅਸਰ ਬਾਰੇ ਚਰਚਾ ਐਨਆਈਟੀ ਜਲੰਧਰ ਵਿੱਚ ਜੀਐੱਸਟੀ ’ਤੇ ਨੈਸ਼ਨਲ ਕਾਨਫਰੰਸ ਦੌਰਾਨ ਛੋਟੇ ਕਾਰੋਬਾਰਾਂ ’ਤੇ ਜੀਐੱਸਟੀ ਦੇ ਅਸਰ ਬਾਰੇ ਚਰਚਾ
Publish Date: Sat, 28 Nov 2026 07:16 PM (IST)
Updated Date: Sat, 28 Nov 2026 07:19 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਜਲੰਧਰ ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ) ਜਲੰਧਰ ਦੇ ਹਿਊਮੈਨਿਟੀਜ਼ ਐਂਡ ਮੈਨੇਜਮੈਂਟ ਵਿਭਾਗ ਵੱਲੋਂ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ (ਆਈਸੀਐੱਸਐੱਸਆਰ), ਨਵੀਂ ਦਿੱਲੀ ਦੇ ਸਹਿਯੋਗ ਨਾਲ ਦੋ ਰੋਜ਼ਾ ਨੈਸ਼ਨਲ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦਾ ਵਿਸ਼ਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਛੋਟੇ ਕਾਰੋਬਾਰਾਂ, ਸਟਾਰਟ-ਅੱਪ ਅਤੇ ਨਵੇਂ ਕਾਰੋਬਾਰਾਂ ’ਤੇ ਜੀਐੱਸਟੀ ਦੇ ਅਸਰ ਨਾਲ ਜੁੜਿਆ ਹੋਇਆ ਸੀ। ਉਦਘਾਟਨੀ ਸੈਸ਼ਨ ਵਿਚ ਸੈਂਟਰਲ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੀਜੀਐੱਸਟੀ), ਜਲੰਧਰ ਦੇ ਕਮਿਸ਼ਨਰ ਰਮੇਸ਼ ਕੁਮਾਰ, ਆਈਆਰਐੱਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਕੌਟਿਲਯ ਦੇ ਅਰਥਸ਼ਾਸਤਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜੀਐੱਸਟੀ ਨਾਲ ਪਹਿਲਾਂ ਦੀ ਟੈਕਸ ਪ੍ਰਣਾਲੀ ਵਿਚ ਇੱਕੋ ਚੀਜ਼ ’ਤੇ ਵਾਰ-ਵਾਰ ਟੈਕਸ ਲੱਗਣ ਦੀ ਸਮੱਸਿਆ ਦੂਰ ਹੋਈ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸੰਸਥਾ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਕਿਹਾ ਕਿ ਭਾਰਤ ਵਿੱਚ ਨਵੇਂ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਨੀਤੀਆਂ ਦੇ ਨਾਲ-ਨਾਲ ਨਵੇਂ ਵਿਚਾਰਾਂ ਤੇ ਕੋਸ਼ਿਸ਼ਾਂ ਨੂੰ ਵੀ ਉਤਸ਼ਾਹ ਦੇਣਾ ਜ਼ਰੂਰੀ ਹੈ। ਪ੍ਰੋ. ਰੋਹਿਤ ਮਹਿਰਾ, ਡੀਨ ਰਿਸਰਚ ਐਂਡ ਕੰਸਲਟੈਂਸੀ ਨੇ ਜੀਐੱਸਟੀ ਵਿੱਚ ਹਾਲ ਹੀ ਵਿਚ ਹੋਏ ਬਦਲਾਵਾਂ ਨੂੰ ਦੇਖਦਿਆਂ ਕਾਨਫਰੰਸ ਦੇ ਵਿਸ਼ੇ ਨੂੰ ਅਹਿਮ ਦੱਸਿਆ। ਡਾ. ਜਗਵਿੰਦਰ ਸਿੰਘ, ਹਿਊਮੈਨਿਟੀਜ਼ ਐਂਡ ਮੈਨੇਜਮੈਂਟ ਵਿਭਾਗ ਦੇ ਮੁਖੀ ਨੇ ਕਿਹਾ ਕਿ 2017 ਵਿੱਚ ਜੀਐੱਸਟੀ ਲਾਗੂ ਹੋਣ ਨਾਲ ਦੇਸ਼ ਦੇ ਟੈਕਸ ਸਿਸਟਮ ’ਚ ਵੱਡਾ ਬਦਲਾਅ ਆਇਆ। ਵਿਸ਼ੇਸ਼ ਮਹਿਮਾਨਾਂ ਵਜੋਂ ਗੁਰਬਖਸ਼ ਸਿੰਘ ਜੁਨੇਜਾ, ਫਾਊਂਡਰ, ਕਰਤਾਰ ਵਾਲਵਜ਼ ਪ੍ਰਾਈਵੇਟ ਲਿਮਟਿਡ, ਐੱਸ. ਗੁਰਸ਼ਰਨ ਸਿੰਘ, ਫਾਊਂਡਰ, ਗਰਗ੍ਰਿਪ ਇੰਡਸਟਰੀਜ਼; ਰਾਕੇਸ਼ ਬਹਿਲ, ਪ੍ਰੈਜ਼ੀਡੈਂਟ, ਜਲੰਧਰ ਰਬਰ ਗੁਡਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਅਤੇ ਪ੍ਰੋਪਰਾਈਟਰ, ਬਹਿਲ ਪੋਲੀਮਰਜ਼; ਸ਼ਲਿਆ ਗੁਪਤਾ, ਮੈਨੇਜਿੰਗ ਡਾਇਰੈਕਟਰ, ਕ੍ਰੈਡਿਫਿਨ ਲਿਮਟਿਡ; ਅਤੇ ਅਸ਼ਵਨੀ ਕੁਮਾਰ, ਪਾਰਟਨਰ ਅਤੇ ਡਾਇਰੈਕਟਰ, ਵਿਕਟਰ ਫੋਰਜਿੰਗਜ਼ ਨੇ ਇੰਡਸਟਰੀ ਅਤੇ ਬਿਜ਼ਨਸ ਨਾਲ ਜੁੜੇ ਆਪਣੇ ਵਿਚਾਰ ਸਾਂਝੇ ਕੀਤੇ। ਉਦਘਾਟਨੀ ਸੈਸ਼ਨ ਤੋਂ ਬਾਅਦ ਕਾਨਫਰੰਸ ਦੀ ਕੋ-ਚੇਅਰ ਅਤੇ ਹਿਊਮੈਨਿਟੀਜ਼ ਐਂਡ ਮੈਨੇਜਮੈਂਟ ਵਿਭਾਗ ਦੀ ਪ੍ਰੋਫੈਸਰ ਪ੍ਰੋ. ਸੋਨੀਆ ਚਾਵਲਾ ਦੇ ਸੰਚਾਲਨ ਹੇਠ ਪੈਨਲ ਡਿਸਕਸ਼ਨ ਹੋਈ। ਗੁਰਬਖਸ਼ ਸਿੰਘ ਜੁਨੇਜਾ ਅਤੇ ਸ਼ਲਿਆ ਗੁਪਤਾ ਨੇ ਟੈਕਸ ਦੀਆਂ ਦਰਾਂ ਘੱਟ ਅਤੇ ਵਾਜਬ ਰੱਖਣ, ਜੀਐੱਸਟੀ ਦੇ ਨਿਯਮਾਂ ਨੂੰ ਸਪੱਸ਼ਟ ਕਰਨ ਅਤੇ ਛੋਟੇ ਕਾਰੋਬਾਰੀਆਂ ਲਈ ਟੈਕਸ ਨਾਲ ਜੁੜੇ ਕੰਮਾਂ ਨੂੰ ਸੌਖਾ ਬਣਾਉਣ ਦੀ ਲੋੜ ਦੱਸੀ। ਦੁਪਹਿਰ ਨੂੰ ਦੋ ਟੈਕਨੀਕਲ ਸੈਸ਼ਨਾਂ ’ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਕੇਰਲ ਦੇ ਵੱਖ-ਵੱਖ ਸੰਸਥਾਨਾਂ ਤੋਂ ਆਏ ਭਾਗੀਦਾਰਾਂ ਨੇ ਰਿਸਰਚ ਪੇਪਰ ਪੇਸ਼ ਕੀਤੇ। ਪਹਿਲੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਆਈਆਈਐੱਮ ਅੰਮ੍ਰਿਤਸਰ ਦੇ ਡਾ. ਸੁਰੇਂਦਰ ਰਾਓ ਕੋਮਰਾ ਤੇ ਐੱਨਆਈਟੀ ਜਲੰਧਰ ਦੇ ਡਾ. ਰਾਧਾਕ੍ਰਿਸ਼ਨਾ ਜੀ.ਐੱਸ. ਨੇ ਕੀਤੀ। ਦੂਜੇ ਸੈਸ਼ਨ ਦੀ ਪ੍ਰਧਾਨਗੀ ਪੀਈਸੀ ਚੰਡੀਗੜ੍ਹ ਦੀ ਡਾ. ਅੰਜੂ ਸਿੰਗਲਾ ਅਤੇ ਐਨਆਈਟੀ ਜਲੰਧਰ ਦੇ ਡਾ. ਗਿਆਨ ਪ੍ਰਕਾਸ਼ ਨੇ ਕੀਤੀ। ਇਸ ਮੌਕੇ ਪ੍ਰੋ. ਰਮਨ ਬੇਦੀ, ਡੀਨ ਅਕੈਡਮਿਕਸ, ਡਾ. ਅਨਿਸ਼ ਸਚਦੇਵਾ, ਰਜਿਸਟਰਾਰ, ਹਿਊਮੈਨਿਟੀਜ਼ ਐਂਡ ਮੈਨੇਜਮੈਂਟ ਵਿਭਾਗ ਦੇ ਅਧਿਆਪਕ, ਰਿਸਰਚ ਸਕਾਲਰ ਅਤੇ ਵਿਦਿਆਰਥੀ ਵੀ ਮੌਜੂਦ ਸਨ।