- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ, ਵਿੱਤੀ ਵਰ੍ਹੇ 2026-27 ਦੀ ਦੂਜੀ ਤਿਮਾਹੀ ਦੀ ਸਮੀਖਿਆ ਲਈ ਬਲਾਕ ਲੋਹੀਆਂ ਖ਼ਾਸ, ਸ਼ਾਹਕੋਟ, ਨਕੋਦਰ, ਮਹਿਤਪੁਰ ਅਤੇ ਨੂਰਮਹਿਲ ਵਿੱਚ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਐਲ ਡੀ ਐਮ ਜਲੰਧਰ ਐੱਮ. ਐੱਸ. ਮੋਤੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 11 ਬਲਾਕਾਂ ਵਿੱਚ ਇਹ ਮੀਟਿੰਗਾਂ ਕੀਤੀਆਂ ਜਾਣਗੀਆਂ। ਹੁਣ ਤੱਕ 5 ਬਲਾਕਾਂ ਵਿੱਚ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਦੂਜੀ ਤਿਮਾਹੀ 1 ਜੁਲਾਈ ਤੋਂ 30 ਸਤੰਬਰ ਤੱਕ ਦੌਰਾਨ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਦੇ ਨਾਲ-ਨਾਲ ਚਾਲੂ ਆਰਥਿਕ ਵਰ੍ਹੇ ਲਈ ਮਿੱਥੇ ਗਏ ਟੀਚੇ ਅਤੇ ਨਤੀਜਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗਾਂ ਦੌਰਾਨ ਜਨ ਸੁਰੱਖਿਆ ਸਕੀਮਾਂ, ਪੀ.ਐਮ. ਸਵੈਨਿਧੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਰਕਾਰੀ ਸਕੀਮਾਂ ਤਹਿਤ ਕਰਜ਼ੇ ਲਈ ਪ੍ਰਾਪਤ ਅਰਜ਼ੀਆਂ ਦੇ ਜਲਦ ਨਿਪਟਾਰੇ ਦੀ ਹਦਾਇਤ ਕੀਤੀ ਗਈ। ਨਾਲ ਹੀ ਬੈਂਕਾਂ ਵੱਲੋਂ 31 ਦਸੰਬਰ 2026 ਤੱਕ ਗ੍ਰਾਮ ਪੰਚਾਇਤ ਪੱਧਰ 'ਤੇ ਫਾਈਨਾਂਸ਼ੀਅਲ ਇਨਕਲੂਜ਼ਨ ਸੈਚੂਰੇਸ਼ਨ ਕੈਂਪ ਲਗਾਏ ਜਾਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਫਿਲੌਰ, ਰੁੜਕਾ ਕਲਾਂ, ਭੋਗਪੁਰ ਅਤੇ ਆਦਮਪੁਰ ਆਦਿ ਬਲਾਕਾਂ ਵਿੱਚ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਐਲ.ਡੀ.ਐਮ. ਨੇ ਬੈਂਕਾਂ ਨੂੰ ਸੀ. ਡੀ. ਰੇਸ਼ੋ ਵਿੱਚ ਸੁਧਾਰ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ। ਮੀਟਿੰਗਾਂ ਵਿੱਚ ਆਜੀਵਕਾ ਮਿਸ਼ਨ ਦੇ ਨੁਮਾਇੰਦੇ, ਨਾਬਾਰਡ ਦੇ ਅਧਿਕਾਰੀ, ਰੂਡਸੈਟ ਇੰਸਟੀਚਿਊਟ ਦੇ ਨੁਮਾਇੰਦੇ, ਕਰਿਸਲ ਤੇ ਅਰੋਹ ਫਾਊਂਡੇਸ਼ਨਾਂ ਤੇ ਬੈਂਕਾਂ ਦੇ ਨੁਮਾਇੰਦੇ ਮੌਜੂਦ ਸਨ।