- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਸੇਵਾ ਸੰਕਲਪ–ਰਾਸ਼ਟਰ ਨਿਰਮਾਣ ਦੇ 25 ਸਾਲ’ ਸਮਾਗਮ ’ਚ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਇਕ ਮੰਚ ’ਤੇ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਨਵੀਂ ਦਿੱਲੀ ਦੇ ਇੰਡੀਆ ਗੇਟ ਐਂਫੀਥੀਏਟਰ ਵਿਖੇ ‘ਸੇਵਾ ਸੰਕਲਪ–ਰਾਸ਼ਟਰ ਨਿਰਮਾਣ ਦੇ 25 ਸਾਲ’ ਸਿਰਲੇਖ ਹੇਠ ਰਾਸ਼ਟਰੀ ਸਮਾਗਮ ਕਰਵਾਇਆ ਗਿਆ। ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਵੱਲੋਂ ਕਰਵਾਏ ਇਸ ਸਮਾਗਮ ’ਚ ਰਾਜਨੀਤਿਕ ਆਗੂਆਂ, ਧਾਰਮਿਕ ਸ਼ਖ਼ਸੀਅਤਾਂ, ਵੱਖ-ਵੱਖ ਦੇਸ਼ਾਂ ਦੇ ਕੂਟਨੀਤਕ ਪ੍ਰਤੀਨਿਧੀਆਂ, ਸੱਭਿਆਚਾਰਕ ਹਸਤੀਆਂ ਤੇ ਖੇਡ ਜਗਤ ਦੇ ਦਿੱਗਜਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ ਪਰੰਪਰਾਵਾਂ ਦੇ ਨੁਮਾਇੰਦਿਆਂ ਵੱਲੋਂ ਅੰਤਰ-ਧਰਮ ਪ੍ਰਾਰਥਨਾ ਕੀਤੀ ਗਈ ਤੇ ਧਾਰਮਿਕ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੇਵਾ, ਸਦਭਾਵਨਾ, ਜਨਤਕ ਜ਼ਿੰਮੇਵਾਰੀ ਤੇ ਰਾਸ਼ਟਰ ਨਿਰਮਾਣ ਵਰਗੇ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ ਗਏ। ਨਿਕਾਰਾਗੁਆ, ਚਾਡ, ਬੁਰੂੰਡੀ, ਲਾਇਬੇਰੀਆ, ਮੈਡਾਗਾਸਕਰ, ਜਾਰਡਨ, ਰੂਸ, ਕੈਮਰੂਨ, ਬੋਤਸਵਾਨਾ, ਲੇਸੋਥੋ, ਵੈਨੇਜ਼ੁਏਲਾ, ਅੰਗੋਲਾ, ਬੁਰਕੀਨਾ ਫਾਸੋ, ਨਾਈਜਰ ਤੇ ਇਜ਼ਰਾਈਲ ਸਮੇਤ ਕਈ ਦੇਸ਼ਾਂ ਦੇ ਕੂਟਨੀਤਕ ਪ੍ਰਤੀਨਿਧੀ ਵੀ ਮੌਜੂਦ ਸਨ। ਸਮਾਗਮ ਦਾ ਮੁੱਖ ਆਕਰਸ਼ਣ ਖੇਡ ਜਗਤ ਨਾਲ ਸਬੰਧਤ ਭਾਰਤੀ ਖਿਡਾਰੀਆਂ ਦਾ ਸਨਮਾਨ ਰਿਹਾ। ਡਾ. ਅਸ਼ੋਕ ਕੁਮਾਰ ਮਿੱਤਲ ਸਮੇਤ ਹੋਰ ਪਤਵੰਤਿਆਂ ਵੱਲੋਂ ਨੀਰੂ ਢਾਂਡਾ, ਅਮਨ ਸਹਿਰਾਵਤ, ਅੰਤਿਮ ਪੰਘਾਲ, ਸੁਜੀਤ ਕਾਲਕਲ, ਕਮਲਜੀਤ, ਨਿਤੇਸ਼ ਸਿਵਾਚ, ਪੂਜਾ ਸਿੰਘ, ਕਿਰਨ ਪਹਿਲ, ਸਤਨਾਮ ਸਿੰਘ, ਮਨੀਸ਼ਾ ਕੀਰ, ਹਿਮਾਂਸ਼ੂ ਢਿੱਲੋਂ, ਸਾਕਸ਼ੀ ਰਾਣਾ ਤੇ ਸਲਮਾਨ ਖਾਨ ਸਮੇਤ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਇਹ ਸਮਾਗਮ ਪਿਛਲੇ 25 ਸਾਲਾਂ ਦੀ ਜਨਤਕ ਸੇਵਾ ਤੇ ਰਾਸ਼ਟਰ ਨਿਰਮਾਣ ਦੀ ਯਾਤਰਾ ਨੂੰ ਯਾਦ ਕਰਨ ਦੇ ਨਾਲ-ਨਾਲ ਭਵਿੱਖ ਲਈ ਨਵਾਂ ਸੰਕਲਪ ਲੈਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਗਲੇ 25 ਸਾਲਾਂ ਲਈ ਵਿਕਸਤ, ਮਜ਼ਬੂਤ ਤੇ ਵਿਸ਼ਵ ਪੱਧਰ ’ਤੇ ਅਗਵਾਈ ਕਰਨ ਵਾਲੇ ਭਾਰਤ ਦੇ ਨਿਰਮਾਣ ਲਈ ਸਾਰਿਆਂ ਨੂੰ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸੇਵਾ ਤੇ ਰਾਸ਼ਟਰ ਨਿਰਮਾਣ ਪ੍ਰਤੀ ਨੌਜਵਾਨਾਂ ਦੀ ਵਚਨਬੱਧਤਾ ਦਰਸਾਉਂਦੀ ਸਹੁੰ ਵੀ ਚੁਕਵਾਈ ਗਈ। ਸਮਾਗਮ ਦਾ ਸਮਾਪਨ ‘ਸਾਊਂਡਸ ਆਫ਼ ਸੇਵਾ’ ਨਾਮਕ ਸੱਭਿਆਚਾਰਕ ਤੇ ਸੰਗੀਤਕ ਪੇਸ਼ਕਾਰੀ ਨਾਲ ਹੋਇਆ।