- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸਾਂ ਤੋਂ ਡਿਜੀਟਲ ਸਾਈਨ ‘ਗਾਇਬ’

ਆਰਟੀਓ ਦਫ਼ਤਰ ’ਚ ਮੁੜ ਆਫਲਾਈਨ ਪ੍ਰਣਾਲੀ ਲਾਗੂ, ਪਹਿਲਾਂ ਡਿਜੀਟਲ ਦਸਤਖ਼ਤਾਂ ਨਾਲ ਜਾਰੀ ਹੁੰਦੇ ਸਨ ਪਰਮਿਟ
ਲਖਬੀਰ ਸਿੰਘ, ਪੰਜਾਬੀ ਜਾਗਰਣ, ਜਲੰਧਰ
ਸਰਕਾਰੀ ਦਫ਼ਤਰਾਂ ਦੇ ਕੰਮਕਾਜ ਨੂੰ ਡਿਜੀਟਲ ਬਣਾਉਣ ਦੇ ਦਾਅਵਿਆਂ ਵਿਚਕਾਰ ਜਲੰਧਰ ਦੇ ਆਰਟੀਓ ਦਫ਼ਤਰ ਵਿੱਚ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦਾ ਕੰਮ ਮੁੜ ਪੁਰਾਣੇ ਤਰੀਕੇ ਨਾਲ ਹੋਣ ਲੱਗਾ ਹੈ। ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪਰਮਿਟਾਂ ’ਤੇ ਡਿਜੀਟਲ ਦਸਤਖ਼ਤ ਕਰਨ ਦੀ ਬਜਾਏ ਹੱਥੀਂ ਸਾਈਨ ਕੀਤੇ ਜਾ ਰਹੇ ਹਨ। ਇਸ ਤਬਦੀਲੀ ਨੇ ਵਿਭਾਗ ਦੇ ਕੰਮਕਾਜ ਅਤੇ ਡਿਜੀਟਲ ਪ੍ਰਣਾਲੀ ਦੀ ਵਰਤੋਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਰਟੀਓ ਤੂਸ਼ਿਤਾ ਗੁਲਾਟੀ ਦੀ ਅਧਿਕਾਰਤ ਆਈਡੀ ਬਣ ਚੁੱਕੀ ਹੈ ਪਰ ਇੰਟਰਨੈਸ਼ਨਲ ਡਰਾਈਵਿੰਗ ਪਰਮਿਟਾਂ ’ਤੇ ਡਿਜੀਟਲ ਦਸਤਖ਼ਤ ਨਹੀਂ ਹੋ ਰਹੇ। ਪਹਿਲਾਂ ਇਸੇ ਦਫ਼ਤਰ ’ਚ ਡਿਜੀਟਲ ਦਸਤਖ਼ਤਾਂ ਰਾਹੀਂ ਇੰਟਰਨੈਸ਼ਨਲ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ ਪਰ ਹੁਣ ਅਚਾਨਕ ਆਫਲਾਈਨ ਤਰੀਕਾ ਅਪਣਾ ਲਿਆ ਗਿਆ ਹੈ। ਇਸ ਬਦਲਾਅ ਦਾ ਕਾਰਨ ਵਿਭਾਗ ਵੱਲੋਂ ਸਪੱਸ਼ਟ ਨਹੀਂ ਕੀਤਾ ਗਿਆ। ਸਵਾਲ ਇਹ ਹੈ ਕਿ ਜਦੋਂ ਆਰਟੀਓ ਦੀ ਅਧਿਕਾਰਤ ਆਈਡੀ ਬਣ ਚੁੱਕੀ ਹੈ ਤਾਂ ਫਿਰ ਡਿਜੀਟਲ ਦਸਤਖ਼ਤਾਂ ਦੀ ਸਹੂਲਤ ਕਿਉਂ ਬੰਦ ਕਰ ਦਿੱਤੀ ਗਈ ਹੈ। ਕੀ ਇਸ ਪਿੱਛੇ ਕੋਈ ਤਕਨੀਕੀ ਸਮੱਸਿਆ ਹੈ ਜਾਂ ਵਿਭਾਗੀ ਪੱਧਰ ’ਤੇ ਕੋਈ ਹੋਰ ਅੜਚਣ ਆ ਰਹੀ ਹੈ। ਜੇਕਰ ਡਿਜੀਟਲ ਪ੍ਰਣਾਲੀ ਵਿੱਚ ਕੋਈ ਖ਼ਰਾਬੀ ਹੈ ਤਾਂ ਉਸ ਨੂੰ ਦੂਰ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਸਨ। ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਵਿਦੇਸ਼ ਜਾਣ ਵਾਲੇ ਲੋਕਾਂ ਲਈ ਇਕ ਅਹਿਮ ਦਸਤਾਵੇਜ਼ ਹੈ।
----------------------
ਏਆਰਟੀਓ ਦੇ ਹੱਥੋਂ ਖਿਸਕ ਸਕਦੀ ਹੈ ਪਾਵਰ!
ਸੂਤਰਾਂ ਦੀ ਮੰਨੀਏ ਤਾਂ ਇੰਟਰਨੈਸ਼ਨਲ ਲਾਇਸੈਂਸ ਜਾਰੀ ਕਰਨ ਸਬੰਧੀ ਡਿਜੀਟਲ ਦਸਤਖ਼ਤ ਕਰਨ ਦੀ ਇਹ ਪਾਵਰ ਏਆਰਟੀਓ ਦੇ ਹੱਥੋਂ ਖਿਸਕ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਿਰਫ਼ ਦਸਤਖ਼ਤਾਂ ਦੇ ਤਰੀਕੇ ਵਿੱਚ ਬਦਲਾਅ ਨਹੀਂ, ਸਗੋਂ ਅਧਿਕਾਰਾਂ ਦੀ ਵੰਡ ਵਿੱਚ ਵੀ ਵੱਡੀ ਤਬਦੀਲੀ ਹੋਵੇਗੀ। ਆਖ਼ਰ ਇਹ ਅਧਿਕਾਰ ਏਆਰਟੀਓ ਤੋਂ ਵਾਪਸ ਲੈਣ ਦੀ ਤਿਆਰੀ ਹੈ ਜਾਂ ਕਿਸੇ ਪ੍ਰਸ਼ਾਸਨਿਕ ਫ਼ੈਸਲੇ ਤਹਿਤ ਇਹ ਤਬਦੀਲੀ ਕੀਤੀ ਜਾ ਰਹੀ ਹੈ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ।
------------------------
ਸੀਨੀਅਰ ਅਧਿਕਾਰੀਆਂ ਕੋਲ ਉਠਾਵਾਂਗੇ ਮਾਮਲਾ : ਭਾਰਤੀ
ਇਸ ਸਬੰਧੀ ਏਆਰਟੀਓ ਸੰਦੀਪ ਭਾਰਤੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਹੁਣ ਮੁੱਖ ਸਵਾਲ ਇਹ ਹੈ ਕਿ ਜਦੋਂ ਅਧਿਕਾਰੀ ਦੀ ਆਈਡੀ ਬਣ ਚੁੱਕੀ ਹੈ ਅਤੇ ਪਹਿਲਾਂ ਡਿਜੀਟਲ ਦਸਤਖ਼ਤਾਂ ਨਾਲ ਇੰਟਰਨੈਸ਼ਨਲ ਲਾਇਸੈਂਸ ਜਾਰੀ ਹੋ ਰਹੇ ਸਨ ਤਾਂ ਫਿਰ ਇੱਕ ਹਫ਼ਤੇ ਤੋਂ ਆਫਲਾਈਨ ਤਰੀਕਾ ਕਿਉਂ ਅਪਣਾਇਆ ਜਾ ਰਿਹਾ ਹੈ। ਵਿਭਾਗ ਇਸ ਦਾ ਕਾਰਨ ਸਪੱਸ਼ਟ ਕਰੇਗਾ ਜਾਂ ਇਹ ਮਾਮਲਾ ਵੀ ਫਾਈਲਾਂ ਤੱਕ ਹੀ ਸੀਮਤ ਰਹੇਗਾ।