- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸਾਂ ਤੋਂ ਡਿਜੀਟਲ ਸਾਈਨ ‘ਗਾਇਬ’

-ਆਰਟੀਓ ਦਫ਼ਤਰ ’ਚ ਮੁੜ ਆਫਲਾਈਨ ਪ੍ਰਣਾਲੀ ਲਾਗੂ, ਪਹਿਲਾਂ ਡਿਜੀਟਲ ਦਸਤਖ਼ਤਾਂ ਨਾਲ ਜਾਰੀ ਹੁੰਦੇ ਸਨ ਪਰਮਿਟ
ਲਖਬੀਰ ਸਿੰਘ, ਪੰਜਾਬੀ ਜਾਗਰਣ, ਜਲੰਧਰ
ਸਰਕਾਰੀ ਦਫ਼ਤਰਾਂ ਦੇ ਕੰਮਕਾਜ ਨੂੰ ਡਿਜੀਟਲ ਬਣਾਉਣ ਦੇ ਦਾਅਵਿਆਂ ਵਿਚਕਾਰ ਜਲੰਧਰ ਦੇ ਆਰਟੀਓ ਦਫ਼ਤਰ ’ਚ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦਾ ਕੰਮ ਮੁੜ ਪੁਰਾਣੇ ਤਰੀਕੇ ਨਾਲ ਹੋਣ ਲੱਗਾ ਹੈ। ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪਰਮਿਟਾਂ ’ਤੇ ਡਿਜੀਟਲ ਦਸਤਖ਼ਤ ਕਰਨ ਦੀ ਬਜਾਏ ਹੱਥੀਂ ਸਾਈਨ ਕੀਤੇ ਜਾ ਰਹੇ ਹਨ। ਇਸ ਤਬਦੀਲੀ ਨੇ ਵਿਭਾਗ ਦੇ ਕੰਮਕਾਜ ਅਤੇ ਡਿਜੀਟਲ ਪ੍ਰਣਾਲੀ ਦੀ ਵਰਤੋਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਰਟੀਓ ਤੂਸ਼ਿਤਾ ਗੁਲਾਟੀ ਦੀ ਅਧਿਕਾਰਤ ਆਈਡੀ ਬਣ ਚੁੱਕੀ ਹੈ ਪਰ ਇੰਟਰਨੈਸ਼ਨਲ ਡਰਾਈਵਿੰਗ ਪਰਮਿਟਾਂ ’ਤੇ ਡਿਜੀਟਲ ਦਸਤਖ਼ਤ ਨਹੀਂ ਹੋ ਰਹੇ। ਪਹਿਲਾਂ ਇਸੇ ਦਫ਼ਤਰ ਵਿੱਚ ਡਿਜੀਟਲ ਦਸਤਖ਼ਤਾਂ ਰਾਹੀਂ ਇੰਟਰਨੈਸ਼ਨਲ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ ਪਰ ਹੁਣ ਅਚਾਨਕ ਆਫਲਾਈਨ ਤਰੀਕਾ ਅਪਣਾ ਲਿਆ ਗਿਆ ਹੈ। ਇਸ ਬਦਲਾਅ ਦਾ ਕਾਰਨ ਵਿਭਾਗ ਵੱਲੋਂ ਸਪੱਸ਼ਟ ਨਹੀਂ ਕੀਤਾ ਗਿਆ। ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਵਿਦੇਸ਼ ਜਾਣ ਵਾਲੇ ਲੋਕਾਂ ਲਈ ਇੱਕ ਅਹਿਮ ਦਸਤਾਵੇਜ਼ ਹੈ। ਇਸ ਨੂੰ ਬਣਵਾਉਣ ਲਈ ਲੋਕ ਸਰਕਾਰੀ ਪ੍ਰਕਿਰਿਆ ਪੂਰੀ ਕਰਕੇ ਆਰਟੀਓ ਦਫ਼ਤਰ ਪਹੁੰਚਦੇ ਹਨ। ਅਜਿਹੇ ਵਿੱਚ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ’ਚ ਵਾਰ-ਵਾਰ ਤਬਦੀਲੀ ਹੋਣ ਦੀ ਬਜਾਏ ਇਕ ਨਿਰਧਾਰਤ ਪ੍ਰਣਾਲੀ ਅਨੁਸਾਰ ਕੰਮ ਹੋਣਾ ਚਾਹੀਦਾ ਹੈ।
------------------------------
ਏਆਰਟੀਓ ਦੇ ਹੱਥੋਂ ਖਿਸਕ ਸਕਦੀ ਹੈ ਪਾਵਰ!
ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸਾਂ ’ਤੇ ਹੁਣ ਤੱਕ ਏਆਰਟੀਓ ਦੇ ਡਿਜੀਟਲ ਦਸਤਖ਼ਤ ਹੁੰਦੇ ਆ ਰਹੇ ਸਨ ਪਰ ਪਿਛਲੇ ਇੱਕ ਹਫ਼ਤੇ ਤੋਂ ਇਹ ਪ੍ਰਕਿਰਿਆ ਬਦਲ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਇੰਟਰਨੈਸ਼ਨਲ ਲਾਇਸੈਂਸ ਜਾਰੀ ਕਰਨ ਸਬੰਧੀ ਡਿਜੀਟਲ ਦਸਤਖ਼ਤ ਕਰਨ ਦੀ ਇਹ ਪਾਵਰ ਏਆਰਟੀਓ ਦੇ ਹੱਥੋਂ ਖਿਸਕ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਸਿਰਫ਼ ਦਸਤਖ਼ਤਾਂ ਦੇ ਤਰੀਕੇ ਵਿੱਚ ਬਦਲਾਅ ਨਹੀਂ, ਸਗੋਂ ਅਧਿਕਾਰਾਂ ਦੀ ਵੰਡ ਵਿੱਚ ਵੀ ਵੱਡੀ ਤਬਦੀਲੀ ਹੋਵੇਗੀ। ਹੈਰਾਨੀ ਇਹ ਹੈ ਕਿ ਆਰਟੀਓ ਤੂਸ਼ਿਤਾ ਗੁਲਾਟੀ ਦੀ ਅਧਿਕਾਰਤ ਆਈਡੀ ਬਣਨ ਦੇ ਬਾਵਜੂਦ ਡਿਜੀਟਲ ਸਾਈਨਿੰਗ ਦੀ ਥਾਂ ਆਫਲਾਈਨ ਦਸਤਖ਼ਤ ਕੀਤੇ ਜਾ ਰਹੇ ਹਨ। ਵਿਭਾਗੀ ਪੱਧਰ ’ਤੇ ਇਸ ਮਾਮਲੇ ਨੂੰ ਲੈ ਕੇ ਚੁੱਪੀ ਵੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਇਸ ਸਬੰਧੀ ਏਆਰਟੀਓ ਸੰਦੀਪ ਭਾਰਤੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾਵੇਗਾ।