- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
13 ‘ਆਪ’ ’ਚ, ਭਾਜਪਾ ਦੇ ਗੜ੍ਹ ’ਚ ਧੀਰ ਦਾ ਵੱਡਾ ਸਿਆਸੀ ਧਮਾਕਾ

ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਨਾਰਥ ਹਲਕੇ ਦੀ ਸਿਆਸਤ ’ਚ ਉਸ ਵੇਲੇ ਵੱਡਾ ਸਿਆਸੀ ਧਮਾਕਾ ਹੋਇਆ, ਜਦੋਂ ਭਾਜਪਾ ਦੇ ਪੰਜਾਬ ਪ੍ਰਭਾਰੀ ਡਾ. ਸਤੀਸ਼ ਪੂਨੀਆ ਦੇ ਜਲੰਧਰ ਦੌਰੇ ਵਾਲੇ ਦਿਨ ਹੀ ਭਾਜਪਾ ਨਾਲ ਜੁੜੇ 13 ਵਰਕਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਕ ਪਾਸੇ ਡਾ. ਸਤੀਸ਼ ਪੂਨੀਆ ਲਾਇਨਜ਼ ਭਵਨ ’ਚ ਕਰਵਾਏ ਗਏ ਸੇਵਾ ਸੰਕਲਪ ਅਭਿਆਨ ’ਚ ਸ਼ਾਮਲ ਹੋ ਕੇ ਭਾਜਪਾ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਸਨ, ਉੱਥੇ ਦੂਜੇ ਪਾਸੇ ਮੇਅਰ ਵਨੀਤ ਧੀਰ ਨੇ ਚੰਡੀਗੜ੍ਹ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਇਨ੍ਹਾਂ ਵਰਕਰਾਂ ਨੂੰ ‘ਆਪ’ ’ਚ ਸ਼ਾਮਲ ਕਰਵਾ ਕੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ। ਧੀਰ ਵੱਲੋਂ ਹਲਕੇ ’ਚ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਗਤੀਵਿਧੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ।
-------------------
ਇਹ ਵਰਕਰ ‘ਆਪ’ ’ਚ ਹੋਏ ਸ਼ਾਮਲ
ਇਸ ਦੌਰਾਨ ਮਿਲਾਪ ਦੌਰਾਨ ਸ਼ਸ਼ੀ ਮਦਾਨ, ਅਸ਼ਵਨੀ ਭਗਤ, ਹਤਿੰਦਰ ਤਲਵਾਰ ਹਨੀ, ਹਸਨ ਸੋਨੀ, ਸ਼ਿਵ ਕਾਲਰਾ, ਬਲਬੀਰ, ਨੀਰਜ ਕਸ਼ਯਪ, ਸਨੀ ਦੂਆ, ਸ਼ੁਭੇਂਦਰ ਯਾਦਵ, ਦਨਵੀਰ ਸਿੰਘ, ਬਲਵੀਰ ਸਿੰਘ, ਸ਼ਿਵ ਕੁਮਾਰ ਅਤੇ ਸ਼ੁਭਮ ਨੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਰਾਜਵੀਰ ਸਿੰਘ ਘੁੰਮਣ ਅਤੇ ਮੇਅਰ ਵਨੀਤ ਧੀਰ ਵੱਲੋਂ ਨਵੇਂ ਸ਼ਾਮਲ ਹੋਏ ਵਰਕਰਾਂ ਦਾ ਸਵਾਗਤ ਕੀਤਾ ਗਿਆ।
------------------------
ਕੇਡੀ ਭੰਡਾਰੀ ਲਈ ਵੱਡਾ ਸਿਆਸੀ ਝਟਕਾ
ਜਲੰਧਰ ਉੱਤਰੀ ਹਲਕੇ ’ਚ ਭਾਜਪਾ ਦੇ ਅਹਿਮ ਆਗੂ ਕੇਡੀ ਭੰਡਾਰੀ ਲਈ ਵੀ ਇਹ ਸਿਆਸੀ ਤੌਰ ’ਤੇ ਨੁਕਸਾਨ ਵਜੋਂ ਦੇਖਿਆ ਜਾ ਰਿਹਾ ਹੈ। ਇਕੋ ਸਮੇਂ 13 ਵਰਕਰਾਂ ਦਾ ਪਾਰਟੀ ਛੱਡ ਕੇ ਵਿਰੋਧੀ ਪਾਰਟੀ ’ਚ ਜਾਣਾ ਭਾਜਪਾ ਦੇ ਜ਼ਮੀਨੀ ਸੰਗਠਨ ਲਈ ਸਵਾਲ ਖੜ੍ਹੇ ਕਰਦਾ ਹੈ। ਖ਼ਾਸ ਕਰਕੇ ਉਸ ਸਮੇਂ ਜਦੋਂ ਭਾਜਪਾ ਵੱਲੋਂ ਪੰਜਾਬ ’ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਹੁਣ ਭਾਜਪਾ ਦੇ ਵਰਕਰਾਂ ਨੂੰ ‘ਆਪ’ ’ਚ ਲਿਆਉਣ ਨਾਲ ਹਲਕਾ ਜਲੰਧਰ ਉੱਤਰੀ ’ਚ ਦੋਵਾਂ ਪਾਰਟੀਆਂ ਦੀ ਸਿਆਸੀ ਖਿੱਚੋਤਾਣ ਹੋਰ ਤੇਜ਼ ਹੋਣ ਦੇ ਆਸਾਰ ਹਨ।
--------------------------
ਪਾਰਟੀ 'ਚ ਮਿਲੇਗਾ ਪੂਰਾ ਸਨਮਾਨ : ਧੀਰ
ਮੇਅਰ ਅਤੇ ਹਲਕਾ ਇੰਚਾਰਜ ਵਨੀਤ ਧੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਲੋਕ ਤੇ ਵਰਕਰ ਪਾਰਟੀ ਨਾਲ ਜੁੜ ਰਹੇ ਹਨ। ਪਾਰਟੀ ’ਚ ਸ਼ਾਮਲ ਹੋਣ ਵਾਲੇ ਹਰੇਕ ਵਰਕਰ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਜਲੰਧਰ ਉੱਤਰੀ ’ਚ ‘ਆਪ’ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ।