- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਸਿਵਲ

ਜਾਸ, ਜਲੰਧਰ : ਸਿਵਲ ਹਸਪਤਾਲ ’ਚ ਪਿਛਲੇ ਲਗਪਗ ਇਕ ਸਾਲ ਤੋਂ ਪ੍ਰਬੰਧਾਂ ਪੂਰੀ ਚਰਮਰਾ ਗਏ ਹਨ। ਵਾਰਡਾਂ ’ਚ ਪਖਾਨਿਆਂ ਦੀ ਮੁਰੰਮਤ, ਸੀਵਰੇਜ ਪਾਈਪਾਂ ਦੀ ਲਾਈਨ, ਬਿਜਲੀ ਦੀ ਕਮੀ ਤੇ ਹੋਰ ਕਈ ਸਮੱਸਿਆਵਾਂ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੱਸਿਆਵਾਂ ਦਾ ਹੱਲ ਹੁਣ ਤੱਕ ਪੂਰੀ ਤਰ੍ਹਾਂ ਨਹੀਂ ਹੋਇਆ ਪਰ ਬੁੱਧਵਾਰ ਨੂੰ ਕਾਇਆ ਕਲਪ ਦੀ ਟੀਮ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ। ਟੀਮ ’ਚ ਕਪੂਰਥਲਾ ਤੋਂ ਡਾ. ਰਾਜੀਵ ਭਗਤ, ਡਾ. ਰਾਜ ਪਾਲ ਸਿੰਘ ਤੇ ਦੀਪਿਕਾ ਸ਼ਰਮਾ ਸ਼ਾਮਲ ਸਨ।
ਸਿਵਲ ਹਸਪਤਾਲ ’ਚ ਹਰ ਜਗ੍ਹਾ ਟੋਏ, ਖੁੱਲ੍ਹੇ ਸੀਵਰੇਜ ਦੇ ਮੈਨਹੋਲ ਤੇ ਚਿੱਕੜ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਰਡਾਂ ਤੇ ਹਸਪਤਾਲ ਦੇ ਵੱਖ-ਵੱਖ ਹਿੱਸਿਆਂ ’ਚ ਰੰਗ ਰੋਗਨ ਦਾ ਕੰਮ ਚੱਲਣ ਕਾਰਨ ਬਦਇੰਤਜ਼ਾਮੀ ਦਾ ਆਲਮ ਹੈ। ਕਾਇਆ ਕਲਪ ਦੀ ਟੀਮ ਨੇ ਸਾਰੀਆਂ ਸਮੱਸਿਆਵਾਂ ਨੂੰ ਦਰਕਿਨਾਰ ਕਰਦਿਆਂ ਸਿਵਲ ਹਸਪਤਾਲ ਦਾ ਦੌਰਾ ਕੀਤਾ। ਟੀਮ ਨੇ ਐਮਰਜੈਂਸੀ, ਟ੍ਰੋਮਾ ਸੈਂਟਰ, ਆਈਸੀਯੂ, ਫਾਰਮਸੀ, ਓਪੀਡੀ, ਵਾਰਡਾਂ, ਬਲੱਡ ਬੈਂਕ, ਲੈਬੋਰੇਟਰੀ, ਜੱਚਾ-ਬੱਚਾ ਸੈਂਟਰ, ਲੇਬਰ ਰੂਮ ਦੇ ਨਾਲ-ਨਾਲ ਮੁਰਦਾਘਰ ਦਾ ਵੀ ਦੌਰਾ ਕਰ ਕੇ ਡੂੰਘਾਈ ਨਾਲ ਜਾਂਚ ਕੀਤੀ।
ਉਨ੍ਹਾਂ ਨੇ ਡਿਊਟੀ 'ਤੇ ਤਾਇਨਾਤ ਸਟਾਫ ਨਾਲ ਬਾਇਓਮੈਡੀਕਲ ਵੈਸਟ ਦੇ ਰੱਖ-ਰਖਾਅ, ਹੱਥ ਧੋਣ ਦੀ ਵਿਧੀ, ਇਲਾਜ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਫਾਰਮੇਸੀ ’ਚ ਦਵਾਈਆਂ ਤੇ ਲੈਬ ’ਚ ਟੈਸਟਾਂ ਬਾਰੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ। ਇਸ ਤੋਂ ਇਲਾਵਾ, ਟੀਮ ਨੇ ਸੂਬੇ ਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਤਹਿਤ ਇਲਾਜ ਦੀ ਸਹੂਲਤ ਬਾਰੇ ਰਿਕਾਰਡ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ। ਇਸ ਦੌਰਾਨ ਮਿਲੀਆਂ ਖਾਮੀਆਂ ਨੂੰ ਉਨ੍ਹਾਂ ਨੇ ਤੁਰੰਤ ਦੂਰ ਕਰਨ ਦੀ ਹਦਾਇਤ ਦਿੱਤੀ। ਕਾਇਆ ਕਲਪ ਤਹਿਤ ਸਿਵਲ ਹਸਪਤਾਲ 2025-26 ਵਿਚ 13ਵੇਂ ਨੰਬਰ 'ਤੇ ਸੀ, ਜਦਕਿ 2024-25 ਵਿਚ 11ਵੇਂ ਨੰਬਰ 'ਤੇ ਰਿਹਾ।
ਉੱਧਰ, ਟੀਮ ਦੇ ਦੌਰੇ ਦੌਰਾਨ ਹਸਪਤਾਲ ਦਾ ਸਟਾਫ ਪੂਰੀ ਤਰ੍ਹਾਂ ਚੌਕਸ ਰਿਹਾ। ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ਵਿਚ ਸਫਾਈ ਪ੍ਰਬੰਧਾਂ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਸੀ ਤੇ ਟੀਮ ਦੇ ਦੌਰੇ ਦੌਰਾਨ ਵੀ ਜਾਰੀ ਰਿਹਾ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਦੱਸਿਆ ਕਿ ਦੌਰੇ ਮਗਰੋਂ ਬੈਠਕ ਦੌਰਾਨ ਟੀਮ ਨੇ ਹਸਪਤਾਲ ਦੀਆਂ ਸੇਵਾਵਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਦੱਸਿਆ ਤੇ ਪ੍ਰਸ਼ੰਸਾ ਕੀਤੀ।