- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ 'ਚ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਘਿਨੌਣੀ ਹਰਕਤ - ਕੁਲਵਿੰਦਰ ਬਾਘਾ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ (ਮੂਰਤੀ) ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਬੇਅਦਬੀ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇਸ ਸ਼ਰਮਨਾਕ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਹਲਕਾ ਆਦਮਪੁਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਸਾਬਕਾ ਸਰਪੰਚ ਬੋਲੀਨਾ ਦੁਆਬਾ ਤੇ ਸਮਾਜ ਸੇਵਕ ਕੁਲਵਿੰਦਰ ਬਾਘਾ ਨੇ ਡੂੰਘੇ ਦੁੱਖ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਬਾਘਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਸਿਰਫ਼ ਇਕ ਸਮਾਜ ਦੇ ਨਹੀਂ, ਸਗੋਂ ਪੂਰੇ ਦੇਸ਼ ਦੇ ਰਹਿਬਰ ਹਨ, ਜਿਨ੍ਹਾਂ ਨੇ ਸਾਨੂੰ ਬਰਾਬਰੀ ਤੇ ਇਨਸਾਫ਼ ਦਾ ਅਧਿਕਾਰ ਦਿੱਤਾ ਹੈ. ਅਜਿਹੇ ਮਹਾਨ ਰਹਿਬਰ ਦੀ ਮੂਰਤੀ ਦੀ ਬੇਅਦਬੀ ਕਰਨਾ ਦੇਸ਼ ਦੇ ਸੰਵਿਧਾਨ ਤੇ ਹਰ ਇਕ ਇਨਸਾਫ਼-ਪਸੰਦ ਨਾਗਰਿਕ ਦਾ ਅਪਮਾਨ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਸ ਘਟਨਾ ਨੇ ਸੂਬੇ ਦੀ ਲਗਭਗ ਖ਼ਤਮ ਹੋ ਚੁੱਕੀ ਕਾਨੂੰਨ-ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਇਸ ਮਾਮਲੇ ਦਾ ਨੋਟਿਸ ਲੈਣ ਤੇ ਜਵਾਬ ਦੇਣ ਕਿ ਇੰਨੀ ਵੱਡੀ ਘਟਨਾ ਕਿਵੇਂ ਵਾਪਰੀ?