ਡੀਸੀ ਵੱਲੋਂ ਸ਼ਲਾਘਾਯੋਗ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ ਦਾ ਸਨਮਾਨ ਡਿਪਟੀ ਕਮਿਸ਼ਨਰ ਵੱਲੋਂ ਟੀਬੀ ਦੇ ਖਾਤਮੇ ਲਈ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਪੰਚਾਇਤਾਂ ਦਾ ਸਨਮਾਨ
Publish Date: Thu, 08 Oct 2026 08:26 PM (IST)
Updated Date: Thu, 08 Oct 2026 08:29 PM (IST)
-ਲਗਾਤਾਰ ਤਿੰਨ ਸਾਲ ਟੀਬੀ ਮੁਕਤ ਰਹਿਣ ’ਤੇ ਪਿੰਡ ਜੱਫਲ ਝੀਂਗੜ ਗੋਲਡ ਸਰਟੀਫਿਕੇਟ ਨਾਲ ਸਨਮਾਨਿਤ -ਜ਼ਿਲ੍ਹੇ ਦੇ 9 ਬਲਾਕਾਂ ਲਈ ਜੋਸ਼ ਟੀਮਾਂ ਨੂੰ ਕੀਤਾ ਰਵਾਨਾ, ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਰਨਗੀਆਂ ਜਾਗਰੂਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਟੀਬੀ ਦੇ ਖਾਤਮੇ ਲਈ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੀਆਂ 91 ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ 91 ਟੀਬੀ ਮੁਕਤ ਪੰਚਾਇਤਾਂ ਨੂੰ ਸਰਟੀਫਿਕੇਟ ਸੌਂਪੇ ਗਏ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਰਾਜੇਸ਼ ਗਰਗ ਤੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰੀਤੂ ਦਾਦਰਾ ਵੀ ਮੌਜੂਦ ਸਨ। ਅੱਜ ਸਨਮਾਨਿਤ ਹੋਏ 91 ਪਿੰਡਾਂ ’ਚੋਂ ਇਕ ਪਿੰਡ ਗੋਲਡ, 19 ਸਿਲਵਰ ਤੇ 71 ਪਿੰਡ ਬ੍ਰੌਂਜ਼ ਕੈਟਾਗਰੀ ’ਚ ਸ਼ਾਮਲ ਹਨ। ਬਲਾਕ ਕਾਲਾ ਬੱਕਰਾ ਅਧੀਨ ਆਉਂਦੇ ਪਿੰਡ ਜੱਫਲ ਝੀਂਗੜ ਨੂੰ ਸਾਲ 2023, 2024 ਤੇ 2025 ਦੌਰਾਨ ਲਗਾਤਾਰ ਤਿੰਨ ਸਾਲ ਟੀਬੀ ਮੁਕਤ ਰਹਿਣ ’ਤੇ ਗੋਲਡ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਜਦਕਿ 19 ਪਿੰਡਾਂ ਨੂੰ ਲਗਾਤਾਰ ਦੋ ਸਾਲ ਟੀਬੀ ਮੁਕਤ ਰਹਿਣ ’ਤੇ ਸਿਲਵਰ ਤੇ ਪਹਿਲੇ ਸਾਲ ਟੀਬੀ ਮੁਕਤ ਹੋਣ ਦਾ ਟੀਚਾ ਹਾਸਲ ਕਰਨ ’ਤੇ 71 ਪਿੰਡਾਂ ਨੂੰ ਬ੍ਰੌਂਜ਼ ਸਰਟੀਫਿਕੇਟ ਦਿੱਤੇ ਗਏ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਨਮਾਨਿਤ ਹੋਈਆਂ ਸਮੂਹ ਪੰਚਾਇਤਾਂ, ਸਰਪੰਚਾਂ ਤੇ ਸਿਹਤ ਵਿਭਾਗ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ। ਸਮਾਗਮ ਦੌਰਾਨ ਜ਼ਿਲ੍ਹੇ ਦੇ ਸਾਰੇ 9 ਬਲਾਕਾਂ ’ਚ ਜੋਸ਼ (ਜੁਆਇੰਟ ਸਕੁਐਡ ਫੋਰ ਹੈਲਥ) ਟੀਮਾਂ ਨੂੰ ਵੀ ਰਸਮੀ ਤੌਰ ਤੇ ਰਵਾਨਾ ਕੀਤਾ ਗਿਆ। ਇਹ ਟੀਮਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਟੀਬੀ ਦੇ ਲੱਛਣਾਂ, ਇਸ ਦੇ ਫੈਲਾਅ ਤੇ ਰੋਕਥਾਮ ਬਾਰੇ ਵਿਸ਼ੇਸ਼ ਤੌਰ ਤੇ ਜਾਗਰੂਕ ਕਰਨਗੀਆਂ ਤਾਂ ਜੋ ਕੋਈ ਵੀ ਮਰੀਜ਼ ਇਲਾਜ ਤੋਂ ਵਾਂਝਾ ਨਾ ਰਹੇ। ਹਰੇਕ ਟੀਮ ’ਚ ਇਕ ਨੋਡਲ ਅਫ਼ਸਰ, 5 ਐੱਨਸੀਸੀ ਕੈਡਿਟ, 5 ਮਾਈ ਭਾਰਤ ਵਲੰਟੀਅਰ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਟੀਬੀ ਵਿਜੇਤਾਵਾਂ’ ਨੂੰ ਵੀ ਇਸ ਅਭਿਆਨ ਨਾਲ ਜੋੜਿਆ ਗਿਆ ਹੈ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਟੀਬੀ ਦੀ ਮੁਫ਼ਤ ਜਾਂਚ ਅਤੇ ਪੂਰਾ ਇਲਾਜ ਉਪਲਬਧ ਹੈ। ਉਨ੍ਹਾਂ ਦੱਸਿਆ ਕਿ 91 ਪਿੰਡਾਂ ਨੂੰ ਟੀਬੀ ਮੁਕਤ ਬਣਾਉਣ ਵਿੱਚ ਸਰਪੰਚਾਂ, ਸਿਹਤ ਕਰਮਚਾਰੀਆਂ ਤੇ ਫੀਲਡ ਟੀਮਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਜ਼ਿਲ੍ਹਾ ਟੀਬੀ ਅਫ਼ਸਰ ਡਾ. ਰੀਤੂ ਦਾਦਰਾ ਨੇ ਦੱਸਿਆ ਕਿ ਟੀਬੀ ਵਰਗੀ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮੇਂ ਸਿਰ ਜਾਂਚ ਤੇ ਪੂਰਾ ਕੋਰਸ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ. ਰਘੂ ਸੱਭਰਵਾਲ, ਡਾ. ਮੋਹਿਤ ਚੰਦਰ, ਡਾ. ਵਿਵੇਕ ਬਰਮੋਤਰਾ, ਡਾ. ਜੋਤੀ ਬਾਲਾ, ਡਿਪਟੀ ਐੱਮਈਆਈਓ ਅਸੀਮ ਸ਼ਰਮਾ, ਡਿਪਟੀ ਐੱਮਆਈਆਈਓ ਰਵਿੰਦਰ ਜੱਸਲ, ਵੱਖ-ਵੱਖ ਪਿੰਡਾਂ ਦੇ ਸਰਪੰਚ, ਟੀਬੀ ਸਟਾਫ਼ ਅਮਿਤ, ਸੁਨੀਤਾ, ਨੀਲਮ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।