ਫਲਾਈਓਵਰ ਦੀ ਉਸਾਰੀ ਤੇ ਡਿਜ਼ਾਈਨ ਸਬੰਧੀ ਪੜਤਾਲ ਲਈ ਬਣਾਈ ਕਮੇਟੀ
ਡਿਪਟੀ ਕਮਿਸ਼ਨਰ ਵੱਲੋਂ ਲੱਧੇਵਾਲੀ ਫਲਾਈਓਵਰ ਦੀ ਉਸਾਰੀ ਤੇ ਡਿਜ਼ਾਈਨ ਸਬੰਧੀ ਪੜਤਾਲ ਲਈ ਕਮੇਟੀ ਦਾ ਗਠਨ
Publish Date: Wed, 18 Feb 2026 08:56 PM (IST)
Updated Date: Wed, 18 Feb 2026 08:57 PM (IST)

-ਡੀਸੀ ਨੇ 15 ਦਿਨਾਂ ’ਚ ਰਿਪੋਰਟ ਦੇਣ ਲਈ ਕਿਹਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਨਹਿੱਤ ਤੇ ਲੋਕ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸ਼ਹਿਰ ’ਚ ਬਣੇ ਲੱਧੇਵਾਲੀ ਫਲਾਈਓਵਰ ਦੀ ਉਸਾਰੀ ਤੇ ਡਿਜ਼ਾਈਨ ਸਬੰਧੀ ਤੱਥਾਂ ਦੀ ਵਿਸਥਾਰਪੂਰਵਕ ਪੜਤਾਲ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਫਲਾਈਓਵਰ ਦੀ ਬਣਤਰ ਤੇ ਡਿਜ਼ਾਈਨ ’ਚ ਕੁਝ ਊਣਤਾਈਆਂ ਕਰਕੇ ਆਵਾਜਾਈ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀ ਅਸੁਵਿਧਾ ਤੇ ਪਰੇਸ਼ਾਨੀ ਦਾ ਮਾਮਲਾ ਧਿਆਨ ’ਚ ਆਉਣ ਉਪਰੰਤ ਇਹ ਕਾਰਵਾਈ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਨਿਰਪੱਖ ਤੇ ਤਕਨੀਕੀ ਜਾਂਚ ਲਈ ਮੁੱਖ ਮੰਤਰੀ ਖੇਤਰੀ ਅਫ਼ਸਰ, ਜਲੰਧਰ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਹੈ। ਕਮੇਟੀ ’ਚ ਐੱਸਈ ਨਗਰ ਨਿਗਮ, ਜਲੰਧਰ ਤੇ ਵਧੀਕ ਐੱਸਈ ਪੀਐੱਸਪੀਸੀਐੱਲ, ਜਲੰਧਰ ਕੈਂਟ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਉਸਾਰੀ ਤੇ ਡਿਜ਼ਾਈਨ ਸਬੰਧੀ ਸਾਰੇ ਤਕਨੀਕੀ ਪੱਖਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਮੇਟੀ ਨੂੰ ਸਪੱਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮੌਕੇ ਦੀ ਵਿਸਥਾਰਪੂਰਵਕ ਜਾਂਚ ਕਰਕੇ ਫਲਾਈਓਵਰ ਦੀ ਉਸਾਰੀ ਤੇ ਡਿਜ਼ਾਈਨ ਸਬੰਧੀ ਸਾਰੇ ਤਕਨੀਕੀ ਤੇ ਪ੍ਰਸ਼ਾਸਕੀ ਪੱਖਾਂ ਦੀ ਤਸਦੀਕ ਕੀਤੀ ਜਾਵੇ ਤੇ ਜੇਕਰ ਕੋਈ ਲਾਪਰਵਾਹੀ ਜਾਂ ਮਾਪਦੰਡਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ ਬਾਰੇ ਸਪੱਸ਼ਟ ਸਿਫਾਰਸ਼ਾਂ ਸਮੇਤ ਰਿਪੋਰਟ 15 ਦਿਨਾਂ ਦੇ ਅੰਦਰ ਪੇਸ਼ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਤੇ ਸੁਵਿਧਾ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ’ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।