ਡੀਸੀ ਵੱਲੋਂ 2 ਬੂਥ ਲੈਵਲ ਅਫ਼ਸਰਾਂ ਦਾ ਸਨਮਾਨ
ਡਿਪਟੀ ਕਮਿਸ਼ਨਰ ਵੱਲੋਂ ਐੱਸਆਈਆਰ ਤਹਿਤ ਸੌ ਫੀਸਦੀ ਗਣਨਾ ਤੇ ਡਿਜੀਟਾਈਜ਼ੇਸ਼ਨ ਦਾ ਕੰਮ ਮੁਕੰਮਲ ਕਰਨ ’ਤੇ 2 ਬੂਥ ਲੈਵਲ ਅਫ਼ਸਰਾਂ ਦਾ ਸਨਮਾਨ
Publish Date: Thu, 09 Jul 2026 08:36 PM (IST)
Updated Date: Thu, 09 Jul 2026 08:39 PM (IST)
-ਵੋਟਰਾਂ ਨੂੰ ਤੁਰੰਤ ਗਣਨਾ ਫਾਰਮ ਜਮ੍ਹਾਂ ਕਰਵਾਉਣ ਦੀ ਕੀਤੀ ਅਪੀਲ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਅੱਜ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸਆਈਆਰ) ਤਹਿਤ ਸੌ ਫੀਸਦੀ ਗਣਨਾ (ਇਨੂਮੀਰੇਸ਼ਨ) ਤੇ ਡਿਜੀਟਾਈਜ਼ੇਸ਼ਨ ਦਾ ਕੰਮ ਮੁਕੰਮਲ ਕਰਨ ’ਤੇ ਦੋ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਨੂੰ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਜਾਰੀ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ। ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਜਾਰੀ ਪ੍ਰਸ਼ੰਸਾ ਪੱਤਰ ਵਿਧਾਨ ਸਭਾ ਹਲਕਾ 034-ਜਲੰਧਰ ਪੱਛਮੀ ਅਧੀਨ ਬੂਥ ਨੰਬਰ 116 ਦੀ ਬੀਐੱਲਓ ਮੀਨੂੰ ਤੇ ਵਿਧਾਨ ਸਭਾ ਹਲਕਾ 037-ਜਲੰਧਰ ਛਾਉਣੀ ਅਧੀਨ ਬੂਥ ਨੰਬਰ 121 ਦੇ ਬੀਐੱਲਓ ਗਣੇਸ਼ ਕੁਮਾਰ ਨੂੰ ਸੌਂਪੇ ਗਏ। ਇਹ ਸਨਮਾਨ ਉਨ੍ਹਾਂ ਨੂੰ ਆਪਣੇ ਸਬੰਧਤ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਪੂਰੀ ਗਣਨਾ ਯਕੀਨੀ ਬਣਾਉਣ ਤੇ ਬੀਐੱਲਓ ਐਪ ਰਾਹੀਂ ਮੁਕੰਮਲ ਡਿਜੀਟਾਈਜ਼ੇਸ਼ਨ ਹਾਸਲ ਕਰਨ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਦਿੱਤਾ ਗਿਆ। ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਯੋਗ ਵੋਟਰਾਂ ਨੂੰ ਬੀਐੱਲਓ ਨਾਲ ਸਹਿਯੋਗ ਕਰਨ ਅਤੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਆਪਣੇ ਭਰੇ ਹੋਏ ਗਣਨਾ ਫਾਰਮ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ।