- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁੰਭਕਰਨੀ ਨੀਂਦ ਸੁੱਤੀ ਮਹਿਤਪੁਰ ਪੁਲਿਸ ਨੂੰ ਜਗਾਉਣ ਲਈ 28 ਨਵੰਬਰ ਨੂੰ ਸ਼ਹਿਰ ’ਚ ਵਿਸ਼ਾਲ ਮੁਜ਼ਾਹਰਾ ਤੇ ਥਾਣੇ ਅੱਗੇ ਰੋਸ ਪ੍ਰਦਰਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਥਾਣਾ ਮਹਿਤਪੁਰ ਦੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਨਾਂਹ-ਪੱਖੀ ਰਵੱਈਏ ਦੇ ਵਿਰੋਧ ’ਚ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ 28 ਨਵੰਬਰ ਨੂੰ ਮਹਿਤਪੁਰ ਸ਼ਹਿਰ ’ਚ ਰੋਸ ਮੁਜ਼ਾਹਰਾ ਕਰਕੇ ਥਾਣੇ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਅੱਜ ਇੱਥੇ ਹੋਈ ਵੱਖ-ਵੱਖ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਇਲਾਕੇ ’ਚ ਹੋਏ ਕਤਲ, ਗੁੰਡਾਗਰਦੀ, ਮਾਈਕ੍ਰੋਫਾਈਨਾਂਸ ਕੰਪਨੀਆਂ ਦੇ ਏਜੰਟਾਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ, ਪੰਚਾਇਤੀ ਜ਼ਮੀਨ ਉੱਪਰ ਧੱਕੇ ਨਾਲ ਕਬਜ਼ੇ ਤੇ ਮਨਰੇਗਾ ਵਰਕਰਾਂ ਉੱਪਰ ਪਾਏ ਗਏ ਝੂਠੇ ਪਰਚਿਆਂ ਵਰਗੇ ਅਨੇਕਾਂ ਮਸਲੇ ਲਟਕ ਰਹੇ ਹਨ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ਼ ਦੇਣ ਲਈ ਸਥਾਨਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮੀਟਿੰਗ ’ਚ ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਕਸ਼ਮੀਰ ਮੰਡਿਆਲਾ, ਕਿਰਤੀ ਕਿਸਾਨ ਯੂਨੀਅਨ ਦੇ ਹਰਜਿੰਦਰ ਸਿੰਘ ਮੰਡ ਤੇ ਸਾਬਕਾ ਸਰਪੰਚ ਬਚਨ ਸਿੰਘ, ਨੌਜਵਾਨ ਭਾਰਤ ਸਭਾ ਦੇ ਸੁਖਦੇਵ ਸਿੰਘ ਤੇ ਸੋਨੂ ਅਰੋੜਾ ਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ ਆਦਿ ਹਾਜ਼ਰ ਸਨ।