ਸੂਰਿਆ ਐਨਕਲੇਵ ’ਚ ਖੜ੍ਹੇ ਜ਼ਬਤ ਵਾਹਨ ਹਟਾਏ ਜਾਣ : ਰਵਿਸ਼ ਰਾਜ ਸੂਰਿਆ ਐਨਕਲੇਵ ’ਚ ਖੜ੍ਹੇ ਜ਼ਬਤ ਵਾਹਨ ਹਟਾਉਣ ਦੀ ਮੰਗ, ਰਵਿਸ਼ ਰਾਜ ਸ਼ਰਮਾ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
Publish Date: Tue, 13 Oct 2026 08:23 PM (IST)
Updated Date: Tue, 13 Oct 2026 08:24 PM (IST)
-ਰਾਮਾ ਮੰਡੀ ਥਾਣੇ ਵੱਲੋਂ ਖੜ੍ਹੇ ਕੀਤੇ ਖ਼ਰਾਬ ਵਾਹਨਾਂ ਕਾਰਨ ਲੋਕ ਪਰੇਸ਼ਾਨ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸੀ ਆਗੂ ਤੇ ਪੰਜਾਬ ਬ੍ਰਾਹਮਣ ਵੈਲਫੇਅਰ ਬੋਰਡ ਦੇ ਸਾਬਕਾ ਡਾਇਰੈਕਟਰ ਰਵਿਸ਼ ਰਾਜ ਸ਼ਰਮਾ ਨੇ ਪੁਲਿਸ ਕਮਿਸ਼ਨਰ ਸਤਿੰਦਰ ਕੁਮਾਰ ਨਾਲ ਮੁਲਾਕਾਤ ਕਰਕੇ ਸੂਰਿਆ ਐਨਕਲੇਵ ’ਚ ਸੜਕ ਤੇ ਲੋਕਾਂ ਦੀਆਂ ਨਿੱਜੀ ਜਾਇਦਾਦਾਂ ’ਤੇ ਖੜ੍ਹੇ ਜ਼ਬਤ ਵਾਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਰਵਿਸ਼ ਰਾਜ ਸ਼ਰਮਾ ਨੇ ਦੋਸ਼ ਲਾਇਆ ਕਿ ਰਾਮਾ ਮੰਡੀ ਥਾਣੇ ਵੱਲੋਂ ਜ਼ਬਤ ਕੀਤੇ ਗਏ ਤੇ ਖ਼ਰਾਬ ਹੋ ਚੁੱਕੇ ਵਾਹਨ ਸੜਕਾਂ ਤੇ ਨਿੱਜੀ ਜ਼ਮੀਨਾਂ ’ਤੇ ਖੜ੍ਹੇ ਕੀਤੇ ਗਏ ਹਨ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਵਿਸ਼ ਰਾਜ ਸ਼ਰਮਾ ਅਨੁਸਾਰ, ਰਾਮਾ ਮੰਡੀ ਥਾਣੇ ਦੇ ਬਾਹਰ ਜ਼ਬਤ ਵਾਹਨਾਂ ਨੂੰ ਖੜ੍ਹਾ ਕਰਨ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਸੂਰਿਆ ਐਨਕਲੇਵ ਵਰਗੇ ਰਿਹਾਇਸ਼ੀ ਇਲਾਕੇ ’ਚ ਸੜਕਾਂ ’ਤੇ ਵਾਹਨ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤੇ ਲੋਕਾਂ ਦੀਆਂ ਨਿੱਜੀ ਜਾਇਦਾਦਾਂ ’ਤੇ ਵੀ ਕਬਜ਼ੇ ਵਰਗੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁੱਦਾ ਸਤੰਬਰ ਮਹੀਨੇ ’ਚ ਵੀ ਉਠਾਇਆ ਗਿਆ ਸੀ, ਪਰ ਉਨ੍ਹਾਂ ਅਨੁਸਾਰ ਅਜੇ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਸ਼ਿਕਾਇਤ ਤੋਂ ਬਾਅਦ ਪੁਲਿਸ ਕਮਿਸ਼ਨਰ ਸਤਿੰਦਰ ਕੁਮਾਰ ਨੇ ਮਾਮਲੇ ’ਚ ਲੋੜੀਂਦੀ ਕਾਰਵਾਈ ਲਈ ਡੀਸੀਪੀ-1 ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕਾਂ ਤੇ ਨਿੱਜੀ ਜ਼ਮੀਨਾਂ ’ਤੇ ਖੜ੍ਹੇ ਵਾਹਨਾਂ ਨੂੰ ਜਲਦੀ ਹਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।