ਇਕੱਲੀ ਬੀਬੀ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਦੀ ਆਗਿਆ ਨਾ ਦੇਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ
ਇਕੱਲੀ ਬੀਬੀ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੇ
Publish Date: Sun, 05 Apr 2026 07:20 PM (IST)
Updated Date: Mon, 06 Apr 2026 04:08 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਬੀਤੇ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਜਥੇ ਨਾਲੋ ਇਕ ਔਰਤ ਦਾ ਵੱਖ ਹੋ ਜਾਣਾ ਤੇ ਪਾਕਿਸਤਾਨ ਚ ਰਹਿ ਕੇ ਧਰਮ ਬਦਲੀ ਕਰ ਕੇ ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰ ਲੈਣ ਕਰ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਜਾਣ ਵਾਲੇ ਜਥਿਆਂ ’ਚ ਕਿਸੇ ਵੀ ਇਕੱਲੀ ਬੀਬੀ ਨੂੰ ਇਜਾਜ਼ਤ ਨਾ ਦੇਣ ਦੇ ਕੀਤੇ ਫੈਸਲੇ ਸਬੰਧੀ ਮਨਿੰਦਰਪਾਲ ਸਿੰਘ ਗੁੰਬਰ, ਗੁਰਨੇਕ ਸਿੰਘ ਢਿੱਲੋਂ, ਸਾਹਿਬ ਸਿੰਘ ਢਿੱਲੋਂ, ਗੁਰਦੇਵ ਸਿੰਘ ਮਾਹਲ ਤੇ ਮਹੇਸ਼ਇੰਦਰ ਸਿੰਘ ਧਾਮੀ ਨੇ ਇਕ ਸਾਂਝੇ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਕ ਔਰਤ ਕਾਰਨ ਸਿੱਖ ਕੌਮ ਦੀਆਂ ਬੀਬੀਆਂ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝਿਆਂ ਰੱਖਣ ਦਾ ਫੈਸਲਾ ਵਾਜਿਬ ਨਹੀਂ ਹੈ। ਕੋਈ ਬੀਬੀ ਅਣਵਿਆਹੀ ਹੋ ਸਕਦੀ ਹੈ, ਕੋਈ ਬੀਬੀ ਵਿਧਵਾ ਹੋ ਸਕਦੀ ਹੈ, ਅਜਿਹੀਆਂ ਬੀਬੀਆਂ ਪਹਿਲਾਂ ਹੀ ਬੇਵੱਸ ਹੁੰਦੀਆਂ ਹਨ। ਕੀ ਇਹ ਬੀਬੀਆਂ ਹੀਣ ਭਾਵਨਾ ਮਹਿਸੂਸ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਕੇਂਦਰ ਤੇ ਸੂਬੇ ਦੀਆਂ ਖੂਫੀਆਂ ਏਜੰਸੀਆਂ ਹਰ ਤਰ੍ਹਾਂ ਦੀ ਪੜਤਾਲ ਕਰਦੀਆਂ ਹਨ। ਬੇਸ਼ੱਕ ਕੇਂਦਰ ਤੇ ਸੂਬੇ ਦੀ ਸਰਕਾਰ ਦੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੋਵੇਗੀ ਉਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸਹੀ ਪੜਤਾਲ ਕਰਨੀ ਚਾਹੀਦੀ ਹੈ ਤਾਂ ਕਿ ਦੁਬਾਰਾ ਅਜਿਹੀ ਘਿਨੌਣੀ ਹਰਕਤ ਨਾ ਵਾਪਰ ਸਕੇ ਅਤੇ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਕੋਈ ਵੀ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝਿਆਂ ਨਾ ਰਹਿ ਸਕੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਅਜਿਹੇ ਫੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਕਿਸੇ ਨੂੰ ਵੀ ਦਰਸ਼ਨ ਦੀਦਾਰੇ ਕਰਨ ਤੋਂ ਵਾਂਝਿਆਂ ਨਾ ਕੀਤਾ ਜਾਵੇ।