- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸ਼ਨਗੜ੍ਹ ਚੌਂਕ 'ਚ ਟਰੈਫਿਕ ਲਾਈਟਾਂ ਬੇਅਸਰ, ਰੋਂਗ ਸਾਈਡ ਚੱਲਣ ਵਾਲੀਆਂ ਬੱਸਾਂ ਤੇ ਵਾਹਨ ਦੇ ਰਹੇ ਵੱਡੇ ਹਾਦਸੇ ਨੂੰ ਸੱਦਾ

-ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕਾਂ 'ਚ ਭਾਰੀ ਰੋਸ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ
ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਆਵਾਜਾਈ ਦੀ ਸਮੱਸਿਆ ਦਿਨ-ਬ-ਦਿਨ ਬੇਹੱਦ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਅੱਡਾ ਕਿਸ਼ਨਗੜ੍ਹ ਵਿਖੇ ਟਰੈਫਿਕ ਲਾਈਟਾਂ ਤਾਂ ਲਗਾ ਦਿੱਤੀਆਂ ਗਈਆਂ ਸਨ ਪਰ ਆਵਾਜਾਈ ਦੀ ਸਥਿਤੀ ’ਚ ਕੋਈ ਖਾਸ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਇੱਥੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
----------------------
ਟਰੈਫਿਕ ਲਾਈਟਾਂ ਤੋਂ 200 ਮੀਟਰ ਪਹਿਲਾਂ ਹੀ ਰੋਂਗ ਸਾਈਡ ਆਉਂਦੇ ਹਨ ਵਾਹਨ
ਸਭ ਤੋਂ ਵੱਡੀ ਤੇ ਗੰਭੀਰ ਸਮੱਸਿਆ ਇਹ ਹੈ ਕਿ ਪ੍ਰਾਈਵੇਟ ਬੱਸਾਂ, ਕਾਰਾਂ ਤੇ ਹੋਰ ਨਿੱਜੀ ਵਾਹਨ ਚਾਲਕ ਟਰੈਫਿਕ ਲਾਈਟਾਂ ਦੀ ਪਾਲਣਾ ਕਰਨ ਦੀ ਬਜਾਏ ਲਾਈਟਾਂ ਤੋਂ ਲਗਭਗ 200 ਮੀਟਰ ਪਹਿਲਾਂ ਹੀ ਆਪਣੇ ਵਾਹਨਾਂ ਨੂੰ ਗਲਤ ਦਿਸ਼ਾ (ਰੋਂਗ ਸਾਈਡ) ’ਚ ਲੈ ਜਾਂਦੇ ਹਨ। ਇਸ ਕਾਰਨ ਸਾਹਮਣੇ ਤੋਂ ਆਪਣੀ ਸਹੀ ਸਾਈਡ 'ਤੇ ਆ ਰਹੇ ਵਾਹਨ ਚਾਲਕਾਂ ਲਈ ਅਚਾਨਕ ਬਹੁਤ ਵੱਡਾ ਖ਼ਤਰਾ ਪੈਦਾ ਹੋ ਜਾਂਦਾ ਹੈ। ਤੇਜ਼ ਰਫ਼ਤਾਰ ਬੱਸਾਂ ਕਾਰਨ ਜਿੱਥੇ ਭਾਰੀ ਜਾਮ ਲੱਗ ਜਾਂਦਾ ਹੈ, ਉੱਥੇ ਹੀ ਪੈਦਲ ਚੱਲਣ ਵਾਲੇ ਸਕੂਲੀ ਬੱਚਿਆਂ ਤੇ ਬਜ਼ੁਰਗਾਂ ਦੀ ਜਾਨ ਵੀ ਹਰ ਵੇਲੇ ਖ਼ਤਰੇ ’ਚ ਰਹਿੰਦੀ ਹੈ। ਸਥਾਨਕ ਲੋਕਾਂ ਤੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਇਸ ਮਾਮਲੇ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ ਹੈ। ਜੇ ਸਮੇਂ ਸਿਰ ਨਿਯਮ ਤੋੜਨ ਵਾਲਿਆਂ 'ਤੇ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਕਿਸੇ ਵੀ ਸਮੇਂ ਇੱਥੇ ਕੋਈ ਜਾਨਲੇਵਾ ਹਾਦਸਾ ਵਾਪਰ ਸਕਦਾ ਹੈ।
----------------------
ਟਰੈਫਿਕ ਮੁਲਾਜ਼ਮਾਂ ਦੀ ਤਾਇਨਾਤੀ ਤੇ ਚਲਾਨ ਕੱਟਣ ਦੀ ਮੰਗ
ਸਥਾਨਕ ਦੁਕਾਨਦਾਰਾਂ ਤੇ ਸਮੂਹ ਇਲਾਕਾ ਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਗੰਭੀਰਤਾ ਨਾਲ ਪੁਰਜ਼ੋਰ ਮੰਗ ਕੀਤੀ ਹੈ ਕਿ ਚੌਕ ’ਚ ਟਰੈਫਿਕ ਪੁਲਿਸ ਮੁਲਾਜ਼ਮਾਂ ਦੀ ਪੱਕੀ ਤਾਇਨਾਤੀ ਅਤਿ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਉਲਟ ਦਿਸ਼ਾ ’ਚ ਵਾਹਨ ਲਿਆਉਣ ਵਾਲੇ ਲਾਪਰਵਾਹ ਡਰਾਈਵਰਾਂ ਨੂੰ ਮੌਕੇ 'ਤੇ ਹੀ ਰੋਕ ਕੇ ਚਲਾਨ ਕੀਤੇ ਜਾਣ ਤਾਂ ਜੋ ਰਾਹਗੀਰਾਂ ਤੇ ਸਥਾਨਕ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਅਣਸੁਖਾਵੀਆਂ ਘਟਨਾਵਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।