ਤਨਖ਼ਾਹ ਕਮਿਸ਼ਨ ਲਾਗੂ ਕਰਵਾਉਣ ਲਈ ਦਿੱਤਾ ਮੰਗ ਪੱਤਰ
8ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਜੇਤਲੀ ਨੇ ਦਿੱਤਾ ਸਹਾਇਕ ਕਿਰਤ ਕਮਿਸ਼ਨਰ ਨੂੰ ਮੰਗ ਪੱਤਰ
Publish Date: Wed, 25 Feb 2026 08:19 PM (IST)
Updated Date: Wed, 25 Feb 2026 08:22 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਉੱਤਰੀ ਰੇਲਵੇ ਕਰਮਚਾਰੀ ਯੂਨੀਅਨ ਫਿਰੋਜ਼ਪੁਰ ਮੰਡਲ ਦੇ ਵਰਕਿੰਗ ਪ੍ਰਧਾਨ ਵਿਕਾਸ ਜੇਤਲੀ ਨੇ 8ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ ਤੇ ਉਨ੍ਹਾਂ ਨੇ ਇਸ ਸਬੰਧੀ ਮੰਗ ਪੱਤਰ ਕੇਂਦਰੀ ਕਿਰਤ ਸਹਾਇਕ ਕਮਿਸ਼ਨਰ ਜਲੰਧਰ ਨੇਹਾ ਸ਼ਰਮਾ ਨੂੰ ਦਿੱਤਾ। ਇਹ ਮੰਗ ਪੱਤਰ ਭਾਰਤੀ ਮਜ਼ਦੂਰ ਸੰਘ ਦੀ 21ਵੀਂ ਆਲ ਇੰਡੀਆ ਕਨਵੈਨਸ਼ਨ ’ਚ ਪਾਸ ਕੀਤਾ ਗਿਆ ਸੀ ਤੇ ਇਹ ਮੰਗ ਪੱਤਰ ਦੇਸ਼ ਪੱਧਰ ਕਾਲ ਤੇ ਸਹਾਇਕ ਕਿਰਤ ਕਮਿਸ਼ਨਰ ਨੂੰ ਦਿੱਤਾ ਗਿਆ। ਇਸ ਮੌਕੇ ਜੇਤਲੀ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਦੀ ਜੀਵਨ ਰੇਖਾ ਹੈ ਪਰ ਕਰਮਚਾਰੀਆਂ ਦੀ ਘਾਟ ਤੇ ਵੱਧ ਰਹੇ ਕੰਮ ਦਾ ਬੋਝ ਤੇ ਮਹਿੰਗਾਈ ਨੇ ਗੰਭੀਰ ਸਮੱਸਿਆ ਪੈਦਾ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਇਕ ਸਮਾਂ ਹੱਦ ਦਾ ਐਲਾਨ ਕਰਨਾ ਚਾਹੀਦਾ ਹੈ ਤੇ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਮੰਗ ਪੱਤਰ ’ਚ ਖਾਲੀ ਅਸਾਮੀਆਂ ਤੁਰੰਤ ਭਰਨ, ਆਊਟਸੋਰਸਿੰਗ ਤੇ ਠੇਕੇਦਾਰੀ ਪ੍ਰਥਾਵਾਂ ਨੂੰ ਖਤਮ ਕਰਨ, ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਨੂੰ ਬਹਾਲ ਕਰਨ ਤੇ ਤਨਖਾਹ ’ਚ ਆ ਰਹੀਆਂ ਖ਼ਾਮੀਆਂ ਦੂਰ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੋਨਸ 7,000 ਤੋਂ ਵਧਾ ਕੇ ਘੱਟੋ-ਘੱਟ 21,000 ਪ੍ਰਤੀ ਮਹੀਨਾ ਜਾਂ ਅਸਲ ਤਨਖਾਹ, ਜੋ ਵੀ ਵੱਧ ਹੋਵੇ, ਦਾ ਭੁਗਤਾਨ ਕਰਨ ਲਈ ਐਕਟ, 1965 ’ਚ ਸੋਧ ਕੀਤੀ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਲਗਾਤਾਰ ਵਧਦੀ ਮਹਿੰਗਾਈ ਕਾਰਨ ਮੁਲਾਜ਼ਮਾਂ ਦਾ ਜੀਵਨ ਪੱਧਰ ਪ੍ਰਭਾਵਿਤ ਹੋ ਰਿਹਾ ਹੈ, ਜਿਸ 'ਤੇ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਮੰਗ ਪੱਤਰ ’ਚ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ ਜੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ 'ਤੇ ਜਲਦੀ ਹੀ ਸਕਾਰਾਤਮਕ ਕਦਮ ਨਹੀਂ ਚੁੱਕੇ ਗਏ, ਤਾਂ ਭਵਿੱਖ ’ਚ ਇਕ ਵਿਆਪਕ ਰਣਨੀਤੀ ਤਹਿ ਕੀਤੀ ਜਾਏਗੀ। ਸਹਾਇਕ ਕਿਰਤ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਗਏ ਵਿਕਾਸ ਜੇਤਲੀ ਨਾਲ ਮੰਡਲ ਜਥੇਬੰਦਕ ਸਕੱਤਰ ਰਾਜ ਕਿਸ਼ੋਰ, ਬਰਾਂਚ ਸਕੱਤਰ ਪੰਕਜ ਕੁਮਾਰ ਤੇ ਅਰਜੁਨ ਸਿੰਘ, ਦੀਪਕ ਕੁਮਾਰ, ਵਿਪਿਨਟ ਕੁਮਾਰ, ਭੁਪਿੰਦਰ ਸਿੰਘ ਤੇ ਯੂਨੀਅਨ ਦੇ ਅਹੁਦੇਦਾਰ ਮੋਜੂਦ ਸਨ।