- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਅਤੇ ਮਹਾਰਾਸ਼ਟਰ ਵਿਚਾਲੇ ਸਿੱਧਾ ਰੇਲ ਸੰਪਰਕ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਤੋਂ ਪੁਣੇ ਦਰਮਿਆਨ ਵੰਦੇ ਭਾਰਤ ਐਕਸਪ੍ਰੈਸ ਚਲਾਉਣ ਦੀ ਪੁਰਾਣੀ ਮੰਗ ਦਾ ਮੁੱਦਾ ਲੋਕ ਸਭਾ ਵਿੱਚ ਉੱਠਿਆ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲਿਖਤੀ ਜਵਾਬ ਦਿੰਦਿਆਂ ਨਵੀਂ ਰੇਲ ਸੇਵਾ ਸ਼ੁਰੂ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਅਤੇ ਮਹਾਰਾਸ਼ਟਰ ਵਿਚਾਲੇ ਸਿੱਧਾ ਰੇਲ ਸੰਪਰਕ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਤੋਂ ਪੁਣੇ ਦਰਮਿਆਨ ਵੰਦੇ ਭਾਰਤ ਐਕਸਪ੍ਰੈਸ ਚਲਾਉਣ ਦੀ ਪੁਰਾਣੀ ਮੰਗ ਦਾ ਮੁੱਦਾ ਲੋਕ ਸਭਾ ਵਿੱਚ ਉੱਠਿਆ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲਿਖਤੀ ਜਵਾਬ ਦਿੰਦਿਆਂ ਨਵੀਂ ਰੇਲ ਸੇਵਾ ਸ਼ੁਰੂ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ ਸਰਕਾਰ ਨੇ ਅੰਮ੍ਰਿਤਸਰ-ਪੁਣੇ ਵੰਦੇ ਭਾਰਤ ਸ਼ੁਰੂ ਕਰਨ ਲਈ ਕੋਈ ਨਿਸ਼ਚਿਤ ਸਮਾਂ-ਸੀਮਾ ਨਹੀਂ ਦਿੱਤੀ।
ਔਜਲਾ ਨੇ ਸਰਕਾਰ ਦਾ ਧਿਆਨ ਖਿੱਚਦਿਆਂ ਕਿਹਾ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਬਿਆਸ ਸਮੇਤ ਮਾਝੇ ਤੇ ਦੋਆਬੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਰੁਜ਼ਗਾਰ, ਸਿੱਖਿਆ, ਵਪਾਰ, ਇਲਾਜ, ਫੌਜ ਅਤੇ ਧਾਰਮਿਕ ਯਾਤਰਾਵਾਂ ਲਈ ਪੁਣੇ ਜਾਂਦੇ ਹਨ। ਪੰਜਾਬ ਤੋਂ ਸਿੱਧੀ ਰੇਲ ਸੇਵਾ ਨਾ ਹੋਣ ਕਾਰਨ ਯਾਤਰੀਆਂ ਨੂੰ ਮੁੰਬਈ ਜਾਂ ਹੋਰ ਜੰਕਸ਼ਨਾਂ ’ਤੇ ਰੇਲ ਬਦਲਣੀ ਪੈਂਦੀ ਹੈ, ਜਿਸ ਨਾਲ ਸਮਾਂ ਅਤੇ ਖਰਚ ਦੋਵੇਂ ਵਧਦੇ ਹਨ। ਉਨ੍ਹਾਂ ਇਸ ਮਹੱਤਵਪੂਰਨ ਰੂਟ ’ਤੇ ਰੋਜ਼ਾਨਾ ਵੰਦੇ ਭਾਰਤ ਚਲਾਉਣ ਲਈ ਸੰਭਾਵਨਾ ਸਰਵੇ ਕਰਵਾਉਣ ਦੀ ਮੰਗ ਕੀਤੀ।
ਰੇਲ ਮੰਤਰੀ ਨੇ ਦੱਸਿਆ ਕਿ ਫਿਲਹਾਲ ਜਲੰਧਰ, ਲੁਧਿਆਣਾ ਅਤੇ ਪਠਾਨਕੋਟ 11077/11078 ਪੁਣੇ-ਜੰਮੂ ਤਵੀ ਜੇਹਲਮ ਐਕਸਪ੍ਰੈਸ ਰਾਹੀਂ ਪੁਣੇ ਨਾਲ ਸਿੱਧੇ ਜੁੜੇ ਹੋਏ ਹਨ। ਇਸ ਤੋਂ ਇਲਾਵਾ ਜਲੰਧਰ-ਅੰਮ੍ਰਿਤਸਰ, ਜਲੰਧਰ-ਬਿਆਸ ਅਤੇ ਪਠਾਨਕੋਟ ਸਮੇਤ ਵੱਖ-ਵੱਖ ਰੂਟਾਂ ’ਤੇ ਵੰਦੇ ਭਾਰਤ, ਸ਼ਤਾਬਦੀ, ਅੰਮ੍ਰਿਤ ਭਾਰਤ, ਜਨ ਸ਼ਤਾਬਦੀ ਅਤੇ ਹੋਰ ਰੇਲ ਸੇਵਾਵਾਂ ਚੱਲ ਰਹੀਆਂ ਹਨ।
ਇਨ੍ਹਾਂ ਗੱਲਾਂ ’ਤੇ ਨਿਰਭਰ ਕਰਦੀ ਹੈ ਨਵੀਂ ਰੇਲ
ਰੇਲ ਮੰਤਰਾਲੇ ਅਨੁਸਾਰ ਕਿਸੇ ਨਵੇਂ ਰੂਟ ’ਤੇ ਵੰਦੇ ਭਾਰਤ ਜਾਂ ਹੋਰ ਰੇਲ ਸ਼ੁਰੂ ਕਰਨਾ ਨਿਰੰਤਰ ਸਮੀਖਿਆ ਦੀ ਪ੍ਰਕਿਰਿਆ ਹੈ। ਇਸ ਲਈ ਰੇਲ ਪਟੜੀ ਦੀ ਸਮਰੱਥਾ, ਖਾਲੀ ਪਾਥ ਜਾਂ ਸਲਾਟ ਦੀ ਉਪਲਬਧਤਾ, ਵੰਦੇ ਭਾਰਤ ਕੋਚਾਂ ਦੀ ਉਪਲਬਧਤਾ, ਰੱਖ-ਰਖਾਅ ਲਈ ਬੁਨਿਆਦੀ ਢਾਂਚਾ ਅਤੇ ਯਾਤਰੀਆਂ ਦੀ ਮੰਗ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਇਸ ਤਰ੍ਹਾਂ ਫਿਲਹਾਲ ਅੰਮ੍ਰਿਤਸਰ-ਪੁਣੇ ਸਿੱਧੀ ਵੰਦੇ ਭਾਰਤ ਲਈ ਕੋਈ ਸਮਾਂ-ਸੀਮਾ ਤੈਅ ਨਹੀਂ ਹੋਈ, ਪਰ ਮੰਗ ਨੂੰ ਰੱਦ ਵੀ ਨਹੀਂ ਕੀਤਾ ਗਿਆ। ਪੰਜਾਬ ਦੇ ਯਾਤਰੀਆਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਇਸ ਰੂਟ ਨੂੰ ਸਿੱਧੀ ਤੇ ਤੇਜ਼ ਰੇਲ ਸੇਵਾ ਮਿਲ ਸਕਦੀ ਹੈ।