ਨਵੇਂ ਟਿਊਬਵੈਲ ਲਗਾਉਣ ’ਚ ਦੇਰੀ ਤੇ ਬਿਜਲੀ ਕਨੈਕਸ਼ਨ ਨਾ ਹੋਣ ਕਾਰਨ ਪਾਣੀ ਦੀ ਕਮੀ ਹੋ ਸਕਦੀ ਹੈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਨਵੇਂ ਟਿਊਬਵੈੱਲ ਲਾਉਣ ਵਿੱਚ ਦੇਰੀ ਤੇ ਲੱਗੇ ਹੋਏ ਟਿਊਬਵੈੱਲਾਂ ਨੂੰ ਬਿਜਲੀ ਦੇ ਕੁਨੈਕਸ਼ਨ ਨਾ ਮਿਲਣ ਕਾਰਨ ਕਈ ਇਲਾਕਿਆਂ ’ਚ ਪਾਣੀ ਦੀ ਕਮੀ ਪੈ ਸਕਦੀ ਹੈ। ਟਿਊਬਵੈੱਲਾਂ ਦਾ ਮਾਮਲਾ ਨਿਗਮ ਹਾਊਸ ਦੀ ਮੀਟਿੰਗ ਵਿੱਚ ਕਈ ਕੌਂਸਲਰਾਂ ਵੱਲੋਂ ਉਠਾਇਆ ਗਿਆ। ਬਿਜਲੀ ਕੁਨੈਕਸ਼ਨ ਨਾ ਮਿਲਣ ਕਰਕੇ ਕਈ ਟਿਊਬਵੈੱਲ ਮਹੀਨਿਆਂ ਤੋਂ ਚਾਲੂ ਨਹੀਂ ਹੋ ਸਕੇ। ਲਗਪਗ 20 ਕਾਲੋਨੀਆਂ ’ਚ ਨਵੇਂ ਟਿਊਬਵੈੱਲ ਲਾਉਣ ਦੇ ਪ੍ਰਸਤਾਵ ਮਨਜ਼ੂਰ ਹੋਏ ਹਨ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਪਾਣੀ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਕਰੀਬ 20 ਤੋਂ 22 ਟਿਊਬਵੈੱਲ ਲੱਗ ਚੁੱਕੇ ਹਨ ਪਰ ਹਾਲੇ ਤੱਕ ਚਾਲੂ ਨਹੀਂ ਹੋਏ। ਹੋਰ ਕਰੀਬ 20 ਟਿਊਬਵੈੱਲਾਂ ਲਈ ਟੈਂਡਰ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਲਾਉਣ ਵਿੱਚ 2 ਤੋਂ 3 ਮਹੀਨੇ ਲੱਗ ਸਕਦੇ ਹਨ। ਕਈ ਇਲਾਕਿਆਂ ’ਚ ਟਿਊਬਵੈੱਲ ਖਰਾਬ ਹਨ ਤੇ ਉਨ੍ਹਾਂ ਨੂੰ ਬਦਲਣ ਵਿੱਚ ਵੀ ਸਮਾਂ ਲੱਗੇਗਾ। ਖਰਾਬ ਟਿਊਬਵੈੱਲਾਂ ਕਾਰਨ ਹੀ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ। ਇਹ ਸਾਰੇ ਮੁੱਦੇ ਨਗਰ ਨਿਗਮ ਹਾਊਸ ਵਿੱਚ ਪ੍ਰਮੁੱਖਤਾ ਨਾਲ ਉਠਾਏ ਗਏ। ਆਉਣ ਵਾਲੀ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਕਮੀ ਅਤੇ ਗੰਦੇ ਪਾਣੀ ਦੀ ਸਪਲਾਈ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਊਸ ’ਚ ਕੌਂਸਲਰ ਹਰਸਿਮਰਨ ਕੌਰ ਰੌਨੀ ਨੇ ਵੀ ਇਹ ਮਾਮਲਾ ਉਠਾਇਆ ਕਿ ਟਿਊਬਵੈੱਲ ਮੁਰੰਮਤ ਲਈ ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸ਼ਨਿਚਰਵਾਰ ਨੂੰ ਟਿਊਬਵੈੱਲ ਖਰਾਬ ਹੋ ਜਾਵੇ ਤਾਂ ਉਹ ਸੋਮਵਾਰ ਨੂੰ ਹੀ ਠੀਕ ਹੁੰਦਾ ਹੈ, ਜਿਸ ਨਾਲ ਲੋਕਾਂ ਨੂੰ ਦੋ ਦਿਨ ਤੱਕ ਪਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਨੇ ਟਿਊਬਵੈਲਾਂ ਦੀਆਂ ਮੋਟਰਾਂ ਦਾ ਬੈਕਅੱਪ ਰੱਖਣ ਦੀ ਵੀ ਮੰਗ ਕੀਤੀ। ਦੂਜੇ ਪਾਸੇ ਕੌਂਸਲਰ ਉਮਾ ਬੇਰੀ ਨੇ ਕਿਹਾ ਕਿ ਪਾਵਰਕਾਮ ਨਾਲ ਤਾਲਮੇਲ ਬਣਾਇਆ ਜਾਵੇ ਤਾਂ ਜੋ ਟਿਊਬਵੈੱਲ ਚੱਲਣ ਦੇ ਸਮੇਂ ਬਿਜਲੀ ਕੱਟ ਨਾ ਹੋਵੇ।