ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਪੁੱਜੀ ਹਾਕੀ ਪੰਜਾਬ ਪੁਰਸ਼ ਟੀਮ ਡਿਫੈਂਡਿੰਗ ਚੈਂਪੀਅਨ ਹਾਕੀ ਪੰਜਾਬ ਪੁਰਸ਼ ਟੀਮ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਪਹੁੰਚੀ
Publish Date: Sun, 18 Oct 2026 08:22 PM (IST)
Updated Date: Mon, 19 Oct 2026 04:07 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਨਿਤਿਨ ਕੋਹਲੀ (ਪ੍ਰਧਾਨ, ਹਾਕੀ ਪੰਜਾਬ ਤੇ ਮੀਤ ਪ੍ਰਧਾਨ, ਹਾਕੀ ਇੰਡੀਆ), ਅਮਰੀਕ ਸਿੰਘ ਪੋਵਾਰ (ਜਨਰਲ ਸਕੱਤਰ) ਤੇ ਹਾਕੀ ਪੰਜਾਬ ਦੇ ਹੋਰ ਮੈਂਬਰਾਂ ਨੇ ਝਾਂਸੀ, ਉੱਤਰ ਪ੍ਰਦੇਸ਼ ’ਚ ਚੱਲ ਰਹੀ 16ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਨੈਸ਼ਨਲ ਚੈਂਪੀਅਨਸ਼ਿਪ 2026, ਡਿਵੀਜ਼ਨ ਏ ਦੇ ਸੈਮੀਫਾਈਨਲ ’ਚ ਥਾਂ ਬਣਾਉਣ ਤੇ ਪੰਜਾਬ ਦੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ। ਹਾਕੀ ਪੰਜਾਬ ਨੇ ਅੱਜ ਹੋਏ ਦੂਜੇ ਕੁਆਰਟਰ-ਫਾਈਨਲ ’ਚ ਹਾਕੀ ਮਹਾਰਾਸ਼ਟਰ ਖ਼ਿਲਾਫ਼ ਸਖ਼ਤ ਮੁਕਾਬਲੇ ’ਚ ਜਿੱਤ ਹਾਸਲ ਕਰਕੇ ਸੈਮੀਫਾਈਨਲ ’ਚ ਥਾਂ ਪੱਕੀ ਕੀਤੀ। ਤੈਅ ਸਮੇਂ ਤੋਂ ਬਾਅਦ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ ਉੱਜਵਲ ਸਿੰਘ ਨੇ 7ਵੇਂ ਮਿੰਟ ’ਚ ਪੈਨਲਟੀ ਸਟ੍ਰੋਕ ਤੇ ਗੋਲ ਕਰਕੇ ਹਾਕੀ ਪੰਜਾਬ ਨੂੰ ਅੱਗੇ ਕੀਤਾ ਸੀ, ਜਿਸ ਮਗਰੋਂ ਮਹਾਰਾਸ਼ਟਰ ਦੇ ਰਵੀ ਪਰੇਸ਼ ਭਾਰਡੀਆ ਨੇ 49ਵੇਂ ਮਿੰਟ ’ਚ ਪੈਨਲਟੀ ਕਾਰਨਰ ਤੇ ਗੋਲ ਕਰਕੇ ਬਰਾਬਰੀ ਕੀਤੀ ਇਸ ਮਗਰੋਂ ਹਾਕੀ ਪੰਜਾਬ ਨੇ ਸ਼ੂਟ-ਆਊਟ ’ਚ 5-4 ਨਾਲ ਜਿੱਤ ਦਰਜ ਕੀਤੀ। ਗੁਰਜੋਤ ਸਿੰਘ, ਸਿਮਰਨਜੋਤ ਸਿੰਘ, ਲਵਨੂਰ ਸਿੰਘ, ਦਿਲਰਾਜ ਸਿੰਘ ਤੇ ਕਪਤਾਨ ਹਰਜੀਤ ਸਿੰਘ ਨੇ ਗੋਲ ਕੀਤਾ। ਇਹ ਕੁਆਰਟਰ-ਫਾਈਨਲ ਜਿੱਤ ਲੀਗ ਮੈਚਾਂ ’ਚ ਹਾਕੀ ਪੰਜਾਬ ਦੇ ਅਜੇਤੂ ਸਫ਼ਰ ਮਗਰੋਂ ਆਈ, ਜਿੱਥੇ ਹਾਕੀ ਪੰਜਾਬ ਨੇ ਹਾਕੀ ਬੰਗਾਲ ਨਾਲ 1-1 ਨਾਲ ਡਰਾਅ ਖੇਡਿਆ ਜਿਸ ’ਚ ਉੱਜਵਲ ਸਿੰਘ ਨੇ ਪੈਨਲਟੀ ਸਟ੍ਰੋਕ ਤੇ ਇਕ ਗੋਲ ਕੀਤਾ, ਜਿਸ ਮਗਰੋਂ ਕਿਸ਼ੋਰ ਲਕੜਾ ਨੇ ਹਾਕੀ ਬੰਗਾਲ ਲਈ ਗੋਲ ਕਰਕੇ ਸਕੋਰ ਬਰਾਬਰ ਕੀਤਾ। ਦੂਜੇ ਲੀਗ ਮੁਕਾਬਲੇ ’ਚ ਹਾਕੀ ਪੰਜਾਬ ਨੇ ਹਾਕੀ ਯੂਨਿਟ ਆਫ਼ ਤਾਮਿਲਨਾਡੂ ਨੂੰ 3-1 ਨਾਲ ਹਰਾਇਆ, ਗੁਰਜੋਤ ਸਿੰਘ ਸੰਘਾ, ਗੁਰਜੋਤ ਸਿੰਘ ਤੇ ਦਿਲਰਾਜ ਸਿੰਘ ਨੇ ਗੋਲ ਕੀਤੇ, ਜਦਕਿ ਤਾਮਿਲਨਾਡੂ ਲਈ ਬੀ ਸਤੀਸ਼ ਨੇ ਗੋਲ ਕੀਤਾ। ਹਾਕੀ ਪੰਜਾਬ ਨੇ ਲੀਗ ਪੜਾਅ ਤੇ ਕੁਆਰਟਰ-ਫਾਈਨਲ ’ਚ ਟੀਮ ਦੇ ਸੰਜਮ ਤੇ ਲਗਾਤਾਰਤਾ ਦੀ ਸ਼ਲਾਘਾ ਕੀਤੀ ਤੇ ਖਿਡਾਰੀਆਂ, ਕੋਚ ਦਲਜੀਤ ਸਿੰਘ (ਅੰਤਰਰਾਸ਼ਟਰੀ ਖਿਡਾਰੀ), ਟੀਮ ਮੈਨੇਜਰ ਗੁਰਪ੍ਰੀਤ ਸਿੰਘ ਤੇ ਪੂਰੀ ਸਹਿਯੋਗੀ ਟੀਮ ਨੂੰ ਸੈਮੀਫਾਈਨਲ ਲਈ ਸ਼ੁਭਕਾਮਨਾਵਾਂ ਦਿੱਤੀਆਂ।