ਨਵੀਂ ਪਾਰੀ ਦੇ ਆਗਾਜ਼ ਲਈ ਗੁਰੂਘਰ ਨਤਮਸਤਕ ਹੋਏ ਦੀਪਕ ਬਾਲੀ ਜਲੰਧਰ ਕੈਂਟ ਦੀ ਨਵੀਂ ਪਾਰੀ ’ਚ ਦੀਪਕ ਬਾਲੀ ਨੇ ਲਿਆ ਜਨਸੇਵਾ ਦਾ ਸੰਕਲਪ
Publish Date: Fri, 16 Oct 2026 09:33 PM (IST)
Updated Date: Fri, 16 Oct 2026 09:36 PM (IST)
ਕਿਹਾ-ਜਨਤਾ ਦੀ ਸੇਵਾ, ਵਿਕਾਸ ਤੇ ਸਮੱਸਿਆਵਾਂ ਦਾ ਹੱਲ ਰਹਿਣਗੀਆਂ ਪਹਿਲਕਦਮੀਆਂ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕੈਂਟ ’ਚ ਨਵੀਂ ਪਾਰੀ ਦੀ ਸ਼ੁਰੂਆਤ ਕਰਦਿਆਂ ਨਵ-ਨਿਯੁਕਤ ਹਲਕਾ ਇੰਚਾਰਜ ਦੀਪਕ ਬਾਲੀ ਨੇ ਮਾਡਲ ਟਾਊਨ ਦੇ ਗੁਰੂਦਆਰਾ ਸ਼੍ਰੀ ਸਿੰਘ ਸਭਾ ਵਿਖੇ ਨਤਮਸਤਕ ਹੋ ਕੇ ਹਲਕੇ ਦੀ ਖੁਸ਼ਹਾਲੀ ਤੇ ਤਰੱਕੀ ਲਈ ਅਰਦਾਸ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿਚ ਸਮਰਥਕਾਂ ਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਪਾਰਟੀ ਹਾਈਕਮਾਂਡ ਦਾ ਤਹਿ ਦਿਲੋੰ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਸੌਪੀ ਹੈ, ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ। ਜਨਤਾ ਦੀ ਸੇਵਾ, ਖੇਤਰ ਦਾ ਸਰਵਪੱਖੀ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਪਹਿਲਕਦਮੀਆਂ ਰਹਿਣਗੀਆਂ। ਦੀਪਕ ਬਾਲੀ ਨੇ ਕਿਹਾ ਕਿ ਜਨਤਾ ਨੇ ਉਨ੍ਹਾਂ ’ਤੇ ਜੋ ਭਰੋਸਾ ਜਤਾਇਆ ਹੈ, ਉਹ ਉਨ੍ਹਾਂ ਲਈ ਸਨਮਾਨ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਉਹ ਜਲੰਧਰ ਕੈਂਟ ਦੇ ਲੋਕਾਂ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਗੇ। ਰਾਜਨੀਤੀ ਉਨ੍ਹਾਂ ਲਈ ਸੱਤਾ ਦਾ ਸਾਧਨ ਨਹੀਂ, ਸਗੋਂ ਜਨਸੇਵਾ ਦਾ ਸੰਕਲਪ ਹੈ। ਉਨ੍ਹਾਂ ਖੇਤਰ ’ਚ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ, ਸਫਾਈ, ਸਟਰੀਟ ਲਾਈਟਾਂ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਗੱਲ ਕਹੀ। ਇਸ ਮੌਕੇ ਪੰਜਾਬ ਦੇ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਨਹਿੱਤ ਅਤੇ ਵਿਕਾਸ ਦੇ ਏਜੰਡੇ ’ਤੇ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੀਪਕ ਬਾਲੀ ਲੋਕਾਂ ਵਿਚ ਰਹਿ ਕੇ ਕੰਮ ਕਰਨ ਵਾਲੇ ਆਗੂ ਹਨ ਤੇ ਉਨ੍ਹਾਂ ਦੇ ਤਜਰਬੇ ਦਾ ਲਾਭ ਜਲੰਧਰ ਕੈਂਟ ਦੇ ਵਿਕਾਸ ਨੂੰ ਮਿਲੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ਰਮਣੀਕ ਸਿੰਘ ਰੰਧਾਵਾ ਲ਼ੋਕ ਸਭਾ ਇੰਚਾਰਜ ਜਲੰਧਰ, ਸੈਂਟਰਲ ਹਲਕਾ ਇੰਚਾਰਜ ਨੀਤਿਨ ਕੋਹਲੀ, ਮੇਅਰ ਵਨੀਤ ਧੀਰ, ਮੰਗਲ ਸਿੰਘ ਬੱਸੀ ਚੇਅਰਮੈਨ,ਤਰਨਦੀਪ ਸਿੰਘ ਸੰਨੀ ਦੋਆਬਾ ਮੀਡੀਆ ਇੰਚਾਰਜ, ਆਤਮ ਪ੍ਰਕਾਸ਼ ਸਿੰਘ ਬੱਬਲੂ ਦੋਆਬਾ ਮੀਡੀਆ ਸਕੱਤਰ, ਬਾਹਰੀ ਸਲਮਾਨੀ, ਹਰਚਰਨ ਸਿੰਘ ਸੰਧੂ,ਗੁਰਪ੍ਰੀਤ ਕੌਰ, ਸ਼ੋਭਾ ਭਗਤ, ਸੰਜੀਵ ਭਗਤ ਸਮੇਤ ਵੱਖ-ਵੱਖ ਵਿੰਗਾਂ ਦੇ ਪ੍ਰਧਾਨ, ਚੇਅਰਮੈਨ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ। ਸਾਬਕਾ ਹਲਕਾ ਇੰਚਾਰਜ ਬਾਰੇ ਵੱਡਾ ਬਿਆਨ ਜਲੰਧਰ ਕੈਂਟ ਦੀ ਪਹਿਲਾਂ ਰਹੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੀ ਨਾਰਾਜ਼ਗੀ ਨਾਲ ਜੁੜੇ ਸਵਾਲ ਤੇ ਬੋਲਦਿਆਂ ਦੀਪਕ ਬਾਲੀ ਨੇ ਕਿਹਾ ਕਿ ਰਾਜਵਿੰਦਰ ਕੌਰ ਥਿਆੜਾ ਪਾਰਟੀ ਦੇ ਸੀਨੀਅਰ ਆਗੂ ਹਨ। ਉਨ੍ਹਾਂ ਸਪੱਸ਼ਟ ਕੀਤਾ, ‘ਉਹ ਉਨ੍ਹਾਂ ਤੋਂ ਸੀਨੀਅਰ ਹਨ, ਉਹ ਖ਼ੁਦ ਉਨ੍ਹਾਂ ਨਾਲ ਗੱਲ ਕਰਨਗੇ ਤੇ ਜੇਕਰ ਉਨ੍ਹਾਂ ਦੇ ਮਨ ’ਚ ਕੋਈ ਸ਼ੰਕਾ ਹੈ ਤਾਂ ਦੂਰ ਕੀਤਾ ਜਾਵੇਗਾ। ਅਸੀਂ ਸਾਰੇ ਇੱਕ ਹਾਂ ਤੇ ਉਨ੍ਹਾਂ ਨੂੰ ਨਾਲ ਲੈ ਕੇ ਹਲਕੇ ’ਚ ਇਕੱਠੇ ਕੰਮ ਕਰਾਂਗੇ। -- ਵਿਰੋਧੀਆਂ ਤੇ ਪਰਮਿੰਦਰ ਝੋਟਾ ਮਾਮਲੇ ਤੇ ਸਿਆਸੀ ਹਮਲਾ ਗੱਲਬਾਤ ਦੌਰਾਨ ਪਰਮਿੰਦਰ ਝੋਟਾ ਮਾਮਲੇ ਅਤੇ ਹੋਰ ਮੁੱਦਿਆਂ ਤੇ ਬੋਲਦਿਆਂ ਦੀਪਕ ਬਾਲੀ ਨੇ ਸਿਆਸੀ ਲੀਡਰਾਂ ਤੇ ਵਿਰੋਧੀ ਧਿਰਾਂ ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੀਡਰ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਤੇ ਸਿਰਫ਼ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੀਪਕ ਬਾਲੀ ਨੇ ਆਖਿਆ ਕਿ ਮੁੱਦਿਆਂ ਤੇ ਗੰਦੀ ਸਿਆਸਤ ਕਰਨ ਵਾਲਿਆਂ ਨੂੰ ਜਨਤਾ ਭਲੀ-ਭਾਂਤ ਪਛਾਣ ਚੁੱਕੀ ਹੈ। --- 2027 ਦੀਆਂ ਚੋਣਾਂ ਨੂੰ ਲੈ ਕੇ ਦਾਅਵਾ ਕਾਂਗਰਸ ਅਤੇ ਵਿਰੋਧੀ ਧਿਰਾਂ ਦੇ ਮੁਕਾਬਲੇ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਿੱਖਿਆ, ਸਿਹਤ, ਮੁਫ਼ਤ ਬਿਜਲੀ ਅਤੇ ਰੋਜ਼ਗਾਰ ਦੇ ਖੇਤਰ ’ਚ ਜੋ ਬੇਮਿਸਾਲ ਕੰਮ ਕੀਤੇ ਹਨ, ਉਨ੍ਹਾਂ ਦੀ ਬਦੌਲਤ ਲੋਕਾਂ ਦਾ ਵਿਸ਼ਵਾਸ ਆਪ ਸਰਕਾਰ ਨਾਲ ਬਣਿਆ ਹੋਇਆ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ 100 ਤੋਂ ਵੀ ਵੱਧ ਸੀਟਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਏਗੀ।