- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਪਕ ਬਾਲੀ ਦੀ ਪਹਿਲੀ ਮੀਟਿੰਗ ਨੇ ਪਾਰਟੀ ਵਿੱਚ ਭਰਿਆ ਨਵਾਂ ਜੋਸ਼, ਪੁਰਾਣੇ ਵਰਕਰਾਂ ਨੇ ਦਿਖਾਇਆ ਪੂਰਾ ਉਤਸ਼ਾਹ!

ਹਾਈਕਮਾਨ ਵੱਲੋਂ ਸੰਸਦ ਮੈਂਬਰ ਮੀਤ ਹੇਅਰ ਵਿਸ਼ੇਸ਼ ਤੌਰ ’ਤੇ ਹੋਏ ਸ਼ਾਮਲ, ਸੰਗਠਨ ਦੀ ਮਜ਼ਬੂਤੀ ਅਤੇ ਆਪਸੀ ਤਾਲਮੇਲ ਵਧਾਉਣ ’ਤੇ ਹੋਇਆ ਵਿਸਥਾਰਪੂਰਵਕ ਵਿਚਾਰ-ਵਟਾਂਦਰਾ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਹਲਕਾ ਇੰਚਾਰਜ ਦੀਪਕ ਬਾਲੀ ਦੀ ਅਗਵਾਈ ਹੇਠ ਅੱਜ ਜਲੰਧਰ ਦੇ ਇੱਕ ਨਿੱਜੀ ਹੋਟਲ ’ਚ ਪਾਰਟੀ ਦੇ ਪੁਰਾਣੇ, ਤਜਰਬੇਕਾਰ ਅਤੇ ਸਮਰਪਿਤ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਾਰਟੀ ਹਾਈਕਮਾਨ ਵੱਲੋਂ ਸੰਸਦ ਮੈਂਬਰ ਮੀਤ ਹੇਅਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਉਦੇਸ਼ ਪੁਰਾਣੇ ਸਾਥੀਆਂ ਨਾਲ ਸਿੱਧਾ ਸੰਵਾਦ ਸਥਾਪਤ ਕਰਨਾ, ਉਨ੍ਹਾਂ ਦੇ ਤਜਰਬਿਆਂ ਤੇ ਸੁਝਾਵਾਂ ਨੂੰ ਸੁਣਨਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਂਝੀ ਰਣਨੀਤੀ ਤਿਆਰ ਕਰਨਾ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ਲੋਕ ਸਭਾ ਇੰਚਾਰਜ ਰਮਨੀਕ ਸਿੰਘ ਰੰਧਾਵਾ, ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਗੌਰਵ ਮਸੀਹ, ਜਲੰਧਰ ਦੇ ਮੇਅਰ ਵਿਨੀਤ ਧੀਰ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਦੋਆਬਾ ਮੀਡੀਆ ਸਕੱਤਰ ਆਤਮ ਪ੍ਰਕਾਸ਼ ਬਬਲੂ, ਦੋਆਬਾ ਯੂਥ ਇੰਚਾਰਜ ਗੁਰਿੰਦਰ ਸਿੰਘ ਸ਼ੇਰਗਿੱਲ ਅਤੇ ਜਲੰਧਰ ਕੈਂਟ ਦੇ ਸੰਗਠਨ ਇੰਚਾਰਜ ਸੁਭਾਸ਼ ਭਗਤ ਸਮੇਤ ਪਾਰਟੀ ਦੇ ਹੋਰ ਆਗੂ ਤੇ ਵਰਕਰ ਵੀ ਮੌਜੂਦ ਰਹੇ।
-------------------------
ਤਜਰਬੇ ਤੇ ਨੌਜਵਾਨਾਂ ਦੇ ਜੋਸ਼ ਨਾਲ ਮਜ਼ਬੂਤ ਹੋਵੇਗਾ ਸੰਗਠਨ
ਇਸ ਮੌਕੇ ਆਗੂਆਂ ਨੇ ਕਿਹਾ ਕਿ ਪਾਰਟੀ ਦੀ ਤਰੱਕੀ ਅਤੇ ਮਜ਼ਬੂਤੀ ਵਿੱਚ ਵਰਕਰਾਂ ਦਾ ਯੋਗਦਾਨ ਹਮੇਸ਼ਾ ਅਹਿਮ ਰਿਹਾ ਹੈ। ਪੁਰਾਣੇ ਸਾਥੀਆਂ ਨੇ ਆਪਣੇ ਲੰਬੇ ਤਜਰਬੇ, ਮਿਹਨਤ ਅਤੇ ਸਮਰਪਣ ਨਾਲ ਸੰਗਠਨ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਤਜਰਬਿਆਂ ਅਤੇ ਸੁਝਾਵਾਂ ਤੋਂ ਸਿੱਖ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਵਰਕਰਾਂ ਦਾ ਤਜਰਬਾ ਅਤੇ ਨੌਜਵਾਨ ਵਰਕਰਾਂ ਦੀ ਊਰਜਾ ਮਿਲ ਕੇ ਸੰਗਠਨ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ। ਆਗੂਆਂ ਨੇ ਇਹ ਵੀ ਕਿਹਾ ਕਿ ਅਜਿਹੀਆਂ ਮੀਟਿੰਗਾਂ ਸਿਰਫ਼ ਆਪਸੀ ਮੁਲਾਕਾਤ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਣ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ’ਤੇ ਵਿਚਾਰ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਸਾਂਝੀ ਰਣਨੀਤੀ ਤਿਆਰ ਕਰਨ ਦਾ ਮਹੱਤਵਪੂਰਨ ਮੌਕਾ ਹੁੰਦੀਆਂ ਹਨ।
--------------------------
ਏਕਤਾ ਨਾਲ ਪਾਰਟੀ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਦਾ ਸੰਕਲਪ
ਅੰਤ ਵਿੱਚ ਮੀਟਿੰਗ ਵਿੱਚ ਸ਼ਾਮਲ ਸਾਰੇ ਆਗੂਆਂ ਅਤੇ ਵਰਕਰਾਂ ਦੀ ਸ਼ਮੂਲੀਅਤ ਨੂੰ ਮਹੱਤਵਪੂਰਨ ਦੱਸਦਿਆਂ ਇਕਜੁੱਟ ਹੋ ਕੇ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ’ਤੇ ਜ਼ੋਰ ਦਿੱਤਾ ਗਿਆ। ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੁਰਾਣੇ ਸਾਥੀਆਂ ਦਾ ਤਜਰਬਾ, ਵਰਕਰਾਂ ਦਾ ਜੋਸ਼ ਅਤੇ ਲੀਡਰਸ਼ਿਪ ਵਿਚਕਾਰ ਬਿਹਤਰ ਤਾਲਮੇਲ ਪਾਰਟੀ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ।