ਦੋਆਬਾ ਕਾਲਜ ’ਚ ਕਰਵਾਈ ਕ੍ਰਿਕੇਟ ਚੈਂਪੀਅਨਸ਼ਿਪ
ਦੋਆਬਾ ਕਾਲਜ ’ਚ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਕਰਵਾਈ
Publish Date: Tue, 24 Feb 2026 08:15 PM (IST)
Updated Date: Tue, 24 Feb 2026 08:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ’ਚ ਡੀਸੀਜੇ ਕ੍ਰਿਕੇਟ ਚੈਂਪੀਅਨਸ਼ਿਪ (ਸੀਜ਼ਨ 5) ਸਫ਼ਲਤਾਪੂਰਵਕ ਕਰਵਾਈ। ਇਸ ਟੂਰਨਾਮੈਂਟ ’ਚ ਵੱਖ-ਵੱਖ ਕਲਾਸਾਂ ਤੇ ਵਿਭਾਗਾਂ ਦੀ ਕੁੱਲ 15 ਟੀਮਾਂ ਨੇ ਹਿੱਸਾ ਲਿਆ। ਮੁਕਾਬਲੇ ਦੀ ਸ਼ੁਰੂਆਤ 7 ਪ੍ਰੀ-ਕਵਾਟਰ ਫਾਈਨਲ ਮੁਕਾਬਲਾਂ ਨਾਲ ਹੋਈ, ਜਿਸਨੇ ਪੂਰੇ ਪ੍ਰੋਗਰਾਮ ’ਚ ਜੋਸ਼ ਤੇ ਉਤਸ਼ਾਹ ਭਰ ਦਿੱਤਾ। ਇਸ ਤੋਂ ਬਾਅਦ 7 ਕੁਆਟਰ ਫਾਇਨਲ ਮੁਕਾਬਲੇ ਤੇ 2 ਸੈਮੀਫਾਈਨਲ ਮੁਕਾਬਲੇ ਖੇਡੇ ਗਏ ਜਿਸ ’ਚ ਚੋਟੀ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਭਾਵਨਾ, ਦ੍ਰਿੜਤਾ ਤੇ ਵਧੀਆ ਤਾਲਮੇਲ ਦਾ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਦਾ ਫਾਇਨਲ ਮੁਕਾਬਲਾ ਬੈਜ਼ਰ ਬਟਾਲਿਅਨ ਤੇ ਸਟ੍ਰੀਟ ਸਮੈਸ਼ਰ ’ਚ ਖੇਡੀਆ ਗਿਆ। ਇਹ ਮੈਚ ਬਹੁਤ ਹੀ ਦਿਲਚਸਪ ਤੇ ਮੁਕਾਬਲੇ ਵਾਲਾ ਰਿਹਾ ਜਿਸ ਨੇ ਦਰਸ਼ਕਾਂ ਨੂੰ ਅੰਤ ਤੱਕ ਜੋੜੀ ਰੱਖਿਆ। ਬੈਜਰ ਬਟਾਲੀਅਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ ਤੇ ਚੈਂਪੀਅਨਸ਼ਿਪ ਟ੍ਰਾਫੀ ਆਪਣੇ ਨਾਮ ਕੀਤੀ। ਫਾਇਨਲ ਮੈਚ ਦੇ ਵਿਸ਼ੇਸ਼ ਮਹਿਮਾਨ ਦੇ ਰੂਪ ’ਚ ਕਮਲ ਹਸਪਤਾਲ ਦੇ ਡਾ. ਸਤਪਾਲ ਗੁਪਤਾ ਹਾਜ਼ਰ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਸਰੀਰਕ ਫਿਟਨੈਸ ਤੇ ਸਮੁੱਚੇ ਵਿਕਾਸ ਲਈ ਖੇਡਾਂ ’ਚ ਸਰਗਰਮ ਭਾਈਵਾਲੀ ਲੈਣ ਲਈ ਪ੍ਰੇਰਿਤ ਕੀਤਾ। ਜੇਤੂ ਬੈਜਰ ਬਟਾਲੀਅਨ ਤੇ ਕਾਲਜ ਸਟਾਫ ਟੀਮ ’ਚ ਇਕ ਦੋਸਤਾਨਾ ਮੈਚ ਵੀ ਖੇਡਿਆ ਗਿਆ। ਇਹ ਮੁਕਾਬਲਾ ਬਹੁਤ ਹੀ ਦਿਲਚਸਪ ਤੇ ਮਨੋਰੰਜਕ ਰਿਹਾ। ਇਸ ਹੀ ਦੋਸਤਾਨਾ ਮੈਚ ’ਚ ਕਾਲਜ ਦੀ ਟੀਮ ਜੇਤੂ ਰਹੀ, ਜਿਸ ’ਚ ਦਰਸ਼ਕਾਂ ’ਚ ਉਤਸਾਹ ਤੇ ਆਨੰਦ ਦੀ ਲਹਿਰ ਦੌੜ ਗਈ। ਇਸ ਚੈਂਪੀਅਨਸ਼ਿਪ ਦਾ ਸਫਲ ਸੰਚਾਲਨ ਪ੍ਰਬੰਧਕ ਕਮੇਟੀ ਦੇ ਮੈਂਬਰ ਵੱਲੋਂ ਕੀਤਾ ਗਿਆ, ਜਿਸ ’ਚ ਡਾ. ਓਮਿੰਦਰ ਜੌਹਲ, ਡਾ. ਗੁਲਸ਼ਨ ਸ਼ਰਮਾ, ਪ੍ਰੋ. ਗੁਰਸਿਮਰਨ ਸਿੰਘ, ਪ੍ਰੋ. ਵਿਸ਼ਾਲ ਸ਼ਰਮਾ ਸਨ। ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ (ਸੀਜ਼ਨ 5) ਖੇਡ ਭਾਵਨਾ, ਏਕਤਾ ਤੇ ਉਤਸ਼ਾਹ ਦੀ ਇਕ ਸ਼ਾਨਦਾਰ ਮਿਸਾਲ ਸਾਬਤ ਹੋਈ।