ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਠੱਪ ਰੱਖਿਆ ਕੰਮਕਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਹੜਤਾਲ ਕਰਕੇ ਦਿਨ ਭਰ ਕੰਮਕਾਜ ਰਿਹਾ ਠੱਪ
Publish Date: Thu, 23 Jul 2026 06:59 PM (IST)
Updated Date: Thu, 23 Jul 2026 07:01 PM (IST)
-ਕੰਮ ਨਾ ਹੋਣ ਕਾਰਨ ਬਰੰਗ ਪਰਤੇ ਲੋਕ -ਅਗਲੇ ਹਫ਼ਤੇ ਹੀ ਹੋ ਸਕੇਗਾ ਕੰਮਕਾਜ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 23 ਤੋਂ 26 ਜੁਲਾਈ ਤੱਕ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਇਹ ਹੜਤਾਲ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਡੀਸੀ ਦਫ਼ਤਰ ਦੇ ਕਾਮਿਆਂ ਦੀ ਇਸ ਹੜਤਾਲ ਕਰਕੇ ਹੁਣ ਇਸ ਹਫ਼ਤੇ ਲੋਕਾਂ ਦਾ ਕੋਈ ਵੀ ਕੰਮ ਨਹੀਂ ਹੋ ਸਕੇ। ਵੀਰਵਾਰ ਹੜਤਾਲ ਦੇ ਪਹਿਲੇ ਦਿਨ ਦਫ਼ਤਰਾਂ ’ਚ ਕੰਮਕਾਜ ਠੱਪ ਰਿਹਾ ਤੇ ਲੋਕਾਂ ਕੰਮਾਂ ਲਈ ਪਰੇਸ਼ਾਨ ਹੁੰਦੇ ਰਹੇ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ, ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਤੇ ਸੂਬਾ ’ਚ ਸਕੱਤਰ ਕਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ, ਜਿਸ ਕਰਕੇ ਸਾਰੇ ਕਰਮਚਾਰੀਆਂ ’ਚ ਕਾਫੀ ਰੋਸ ਹੈ। ਉਨ੍ਹਾਂ ਨੂੰ ਸਰਕਾਰ ਦੇ ਨੁਮਾਇੰਦਿਆਂ ਵੱਲੋਂ 22 ਤਰੀਕ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ 22 ਜੁਲਾਈ ਨੂੰ ਕਿਸੇ ਨੇ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ ਜਿਸ ਦੇ ਰੋਸ ਵਜੋਂ ਸਾਰੇ ਕਰਮਚਾਰੀਆਂ ਨੇ ਇਹ ਫ਼ੈਸਲਾ ਕੀਤਾ ਕਿ ਉਹ 23 ਜੁਲਾਈ ਤੋਂ 26 ਜੁਲਾਈ ਤੱਕ ਮੁਕੰਮਲ ਕੰਮ ਬੰਦ ਕਰਕੇ ਹੜਤਾਲ ਕਰਨਗੇ। ਕਰਮਚਾਰੀਆਂ ਦੀਆਂ ਮੰਗਾਂ ਜਿਨ੍ਹਾਂ ’ਚ 18 ਫੀਸਦੀ ਡੀਏ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਪੈਨਸ਼ਨਰਜ਼ ਦਾ 2:59 ਦਾ ਗੁਣਾਂਕ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸਮੇਤ ਹੋਰ ਮੰਗਾਂ ਪ੍ਰਤੀ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਕਰਕੇ ਸਾਰੇ ਹੀ ਕਰਮਚਾਰੀਆਂ ’ਚ ਕਾਫੀ ਰੋਸ ਹੈ। ਅੱਜ ਹੜਤਾਲ ਦਾ ਪਹਿਲਾਂ ਦਿਨ ਹੈ ਤੇ ਇਹ ਹੜਤਾਲ ਇਸੇ ਤਰ੍ਹਾਂ ਹੀ ਹੁਣ ਇਸ ਪੂਰੇ ਹਫ਼ਤੇ ਤੱਕ ਚੱਲੇਗੀ ਤੇ ਕੰਮਕਾਜ ਦੇ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਆਪਣੀ ਹੋਵੇਗੀ। ਜੇ ਸਰਕਾਰ ਵੱਲੋਂ ਉਨ੍ਹਾਂ ਨੂੰ ਮਿਲਣ ਦਾ ਸੱਦਾ ਦਿੱਤਾ ਜਾਂਦਾ ਤੇ ਉਨ੍ਹਾਂ ਦੀ ਸਾਰੀ ਗੱਲ ਸੁਣੀ ਜਾਂਦੀ ਤਾਂ ਉਨ੍ਹਾਂ ਨੂੰ ਇਸ ਹੜਤਾਲ ਲਈ ਮਜਬੂਰ ਨਾ ਹੋਣਾ ਪੈਂਦਾ। --------------------------- ਰਜਿਸਟਰੀਆਂ ਛੱਡ ਕੇ ਨਹੀਂ ਹੋਇਆ ਕੋਈ ਕੰਮ ਡੀਸੀ ਦਫ਼ਤਰ ਦੇ ਕਾਮਿਆਂ ਦੀ ਇਸ ਹੜਤਾਲ ਕਰਕੇ ਅੱਜ ਰਜਿਸਟਰੀਆਂ ਨੂੰ ਛੱਡ ਕੇ ਦਿਨ ਭਰ ਲੋਕਾਂ ਦਾ ਕੋਈ ਕੰਮ ਨਹੀਂ ਹੋ ਸਕਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡੀਸੀ ਦਫ਼ਤਰ ਦੇ ਵੱਖ-ਵੱਖ ਵਿਭਾਗਾਂ ’ਚ ਕੰਮਾਂ ਲਈ ਆਏ ਲੋਕਾਂ ਗੁਰਮੇਲ ਸਿੰਘ, ਛਿੰਦਾ, ਅਨਿਲ ਸਿੱਕਾ, ਪ੍ਰਭਲੀਨ ਕੌਰ, ਵਿਜੇ ਕੁਮਾਰੀ, ਮੀਨਾ ਆਦਿ ਨੇ ਦੱਸਿਆ ਕਿ ਉਹ ਸਵੇਰੇ ਹੀ ਆਪਣੇ ਕੰਮਾਂ ਲਈ ਆ ਗਏ ਸਨ ਪਰ ਇੱਥੇ ਆ ਕੇ ਉਨ੍ਹਾਂ ਨੂੰ ਹੜਤਾਲ ਦਾ ਪਤਾ ਲੱਗਾ ਤੇ ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਜਾਣਾ ਪਿਆ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਹੜਤਾਲ ਹੁੰਦੀ ਹੈ ਤਾਂ ਲੋਕਾਂ ਦੇ ਕੰਮਾਂ ਲਈ ਪਹਿਲਾਂ ਤੋਂ ਕੋਈ ਹੋਰ ਪ੍ਰਬੰਧ ਕੀਤਾ ਜਾਵੇ ਤਾਂ ਕਿ ਦੂਰ-ਦੁਰਾਡਿਓਂ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ।