ਡੀਸੀ ਦਫਤਰ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਡੀਸੀ ਦਫਤਰ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਆਰਟੀਏ ਦੇ ਟਰੈਕ ’ਤੇ ਅੱਜ ਵੀ ਰਿਹਾ ਸੰਨਾਟਾ
Publish Date: Tue, 18 Aug 2026 10:17 PM (IST)
Updated Date: Tue, 18 Aug 2026 10:21 PM (IST)
-9 ਸਾਲ ਤੋਂ ਚੋਣ ਡਿਊਟੀ ਦਾ ਮਿਹਨਤਾਨਾ ਬਕਾਇਆ, ਜਿਮਖਾਨਾ ਕਲੱਬ ਚੋਣਾਂ ਦੇ ਬਾਈਕਾਟ ਦਾ ਐਲਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਦਾ ਮੰਗਲਵਾਰ ਦੂਜਾ ਦਿਨ ਰਿਹਾ। ਹੜਤਾਲ ਕਾਰਨ ਜਿੱਥੇ ਸਰਕਾਰੀ ਦਫ਼ਤਰਾਂ ਦਾ ਆਮ ਕੰਮਕਾਜ ਪ੍ਰਭਾਵਿਤ ਰਿਹਾ, ਉੱਥੇ ਆਪਣੇ ਜ਼ਰੂਰੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਅਤੇ ਆਰਟੀਓ ਨਾਲ ਸਬੰਧਤ ਸੇਵਾਵਾਂ ਲਈ ਪਹੁੰਚੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਓਧਰ ਦੂਜੇ ਪਾਸੇ ਆਰਟੀਏ ਦੇ ਟਰੈਕ ’ਤੇ ਪੂਰਾ ਦਿਨ ਨਾ ਤਾਂ ਕੋਈ ਅਧਿਕਾਰੀ ਪਹੁੰਚਿਆ ਅਤੇ ਨਾ ਹੀ ਕੋਈ ਮੁਲਾਜ਼ਮ ਦਫ਼ਤਰ ਆਇਆ ਜਦੱਕ ਇਹ ਹੜਤਾਲ ਮੁਲਾਜ਼ਮਾਂ ਦੀ ਸੀ ਤੇ ਉਹ ਵੀ ਸਿਰਫ ਕੰਮ ਨਾ ਕਰਨ ਦੀ। ਟਰੈਕ ’ਤੇ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਵੀ ਗਾਇਬ ਦਿਖਾਈ ਦਿੱਤੇ। ਟਰੈਕ ’ਤੇ ਸਿਰਫ਼ ਦੋ ਸਿਕਿਉਰਿਟੀ ਗਾਰਡ ਤਾਇਨਾਤ ਰਹੇ, ਜੋ ਲੋਕਾਂ ਨੂੰ ਅੱਜ ਵੀ ਕੰਮ ਨਾ ਹੋਣ ਸਬੰਧੀ ਜਾਣਕਾਰੀ ਦਿੰਦੇ ਰਹੇ। ------------------ ਆਰਟੀਓ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਦੂਜੇ ਦਿਨ ਵੀ ਸੰਨਾਟਾ ਹੜਤਾਲ ਦਾ ਅਸਰ ਆਰਟੀਓ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਵੀ ਸਾਫ਼ ਨਜ਼ਰ ਆਇਆ। ਆਮ ਦਿਨਾਂ ਵਿੱਚ ਜਿੱਥੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਟੈਸਟਾਂ ਲਈ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਉੱਥੇ ਅੱਜ ਵੀ ਟਰੈਕ ’ਤੇ ਸੁੰਨਸਾਨ ਮਾਹੌਲ ਦੇਖਣ ਨੂੰ ਮਿਲਿਆ। ਕਈ ਲੋਕ ਆਪਣੇ ਪਹਿਲਾਂ ਤੋਂ ਨਿਰਧਾਰਤ ਕੰਮਾਂ ਦੀ ਉਮੀਦ ਲੈ ਕੇ ਟਰੈਕ ’ਤੇ ਪਹੁੰਚੇ, ਪਰ ਹੜਤਾਲ ਕਾਰਨ ਕੰਮ ਨਾ ਹੋਣ ਕਰਕੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਹੜਤਾਲ ਜਾਰੀ ਰਹਿਣੀ ਸੀ ਤਾਂ ਉਨ੍ਹਾਂ ਨੂੰ ਸਮੇਂ ਸਿਰ ਸਪੱਸ਼ਟ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ, ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਪੈਸਾ ਬਰਬਾਦ ਨਾ ਹੁੰਦਾ। ----------------------- 9 ਸਾਲ ਤੋਂ ਮਿਹਨਤਾਨਾ ਨਹੀਂ ਮਿਲਿਆ ਚੋਣਾਂ ਦਾ ਬਾਈਕਾਟ ਇਸੇ ਵਿਚਕਾਰ ਜਿਮਖਾਨਾ ਕਲੱਬ ਜਲੰਧਰ ਦੀਆਂ ਸਾਲ 2026 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਨੇ ਵੀ ਵੱਡਾ ਫੈਸਲਾ ਲਿਆ ਹੈ। ਡੀਸੀ ਦਫ਼ਤਰ ਕਰਮਚਾਰੀ ਐਸੋਸੀਏਸ਼ਨ ਜਲੰਧਰ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਜਿਮਖਾਨਾ ਕਲੱਬ ਦੀਆਂ ਚੋਣਾਂ ਵਿੱਚ ਕੋਈ ਵੀ ਸਰਕਾਰੀ ਕਰਮਚਾਰੀ ਚੋਣ ਡਿਊਟੀ ਜਾਂ ਇਸ ਨਾਲ ਸਬੰਧਤ ਹੋਰ ਕੰਮ ਨਹੀਂ ਕਰੇਗਾ। ਐਸੋਸੀਏਸ਼ਨ ਦਾ ਦੋਸ਼ ਹੈ ਕਿ ਸਾਲ 2017 ਵਿੱਚ ਜਿਮਖਾਨਾ ਕਲੱਬ ਦੀਆਂ ਚੋਣਾਂ ਦੌਰਾਨ ਡੀਸੀ ਦਫ਼ਤਰ ਦੇ ਕਰਮਚਾਰੀਆਂ ਨੇ ਆਪਣੀ ਡਿਊਟੀ ਨਿਭਾਈ ਸੀ, ਪਰ ਕਰੀਬ 9 ਸਾਲ ਬੀਤ ਜਾਣ ਦੇ ਬਾਵਜੂਦ ਉਸ ਡਿਊਟੀ ਦਾ ਮਿਹਨਤਾਨਾ ਅਜੇ ਤੱਕ ਨਹੀਂ ਦਿੱਤਾ ਗਿਆ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਚੋਣ ਡਿਊਟੀ ਸਰਕਾਰੀ ਕਰਮਚਾਰੀਆਂ ਤੋਂ ਲੈ ਲਈ ਗਈ, ਪਰ ਉਸ ਦੇ ਬਦਲੇ ਬਣਦਾ ਮਿਹਨਤਾਨਾ ਸਾਲਾਂ ਬਾਅਦ ਵੀ ਬਕਾਇਆ ਹੈ। ਇਸੇ ਕਾਰਨ ਹੁਣ ਕਰਮਚਾਰੀਆਂ ਵਿੱਚ ਰੋਸ ਵਧ ਰਿਹਾ ਹੈ। ----------------------------- ਪੀਐੱਸਐੱਮਐੱਸਯੂ ਵੀ ਡੀਸੀ ਦਫ਼ਤਰ ਐਸੋਸੀਏਸ਼ਨ ਦੇ ਹੱਕ ’ਚ ਡੀਸੀ ਦਫ਼ਤਰ ਕਰਮਚਾਰੀ ਐਸੋਸੀਏਸ਼ਨ ਦੇ ਇਸ ਫੈਸਲੇ ਨੂੰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐਸਐਮਐਸਯੂ) ਜਲੰਧਰ ਯੂਨਿਟ ਨੇ ਵੀ ਸਮਰਥਨ ਦਿੱਤਾ ਹੈ। ਯੂਨੀਅਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਿਮਖਾਨਾ ਕਲੱਬ ਦੀ ਉਕਤ ਚੋਣ ਵਿੱਚ ਜਲੰਧਰ ਦੇ ਕਿਸੇ ਵੀ ਸਰਕਾਰੀ ਵਿਭਾਗ ਦਾ ਕੋਈ ਵੀ ਕਰਮਚਾਰੀ ਚੋਣ ਡਿਊਟੀ ਨਹੀਂ ਕਰੇਗਾ।ਇਸ ਐਲਾਨ ਤੋਂ ਬਾਅਦ ਜਿਮਖਾਨਾ ਕਲੱਬ ਚੋਣ ਪ੍ਰਬੰਧਾਂ ਨੂੰ ਲੈ ਕੇ ਨਵੀਂ ਸਥਿਤੀ ਪੈਦਾ ਹੋ ਗਈ ਹੈ। ਜੇਕਰ ਸਰਕਾਰੀ ਕਰਮਚਾਰੀ ਚੋਣ ਡਿਊਟੀ ਤੋਂ ਪੂਰੀ ਤਰ੍ਹਾਂ ਦੂਰ ਰਹਿੰਦੇ ਹਨ ਤਾਂ ਚੋਣ ਪ੍ਰਬੰਧਨ ਨੂੰ ਬਦਲਵੀਂ ਵਿਵਸਥਾ ਕਰਨ ਦੀ ਲੋੜ ਪੈ ਸਕਦੀ ਹੈ।