ਡੀਸੀ ਵੱਲੋਂ 3 ਰੋਜ਼ਾ ਪੈਨਸ਼ਨਰ ਸੇਵਾ ਮੇਲੇ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਲਗਾਏ ਗਏ 3 ਰੋਜ਼ਾ ਪੈਨਸ਼ਨਰ ਸੇਵਾ ਮੇਲੇ ਦੀ ਸ਼ੁਰੂਆਤ
Publish Date: Thu, 19 Nov 2026 07:07 PM (IST)
Updated Date: Thu, 19 Nov 2026 07:09 PM (IST)
ਪੈਨਸ਼ਨਰਾਂ ਨੂੰ ਮੇਲੇ ’ਚ ਸ਼ਮੂਲੀਅਤ ਕਰਨ ਤੇ ਈ-ਕੇਵਾਈਸੀ ਤੇ ਆਨਲਾਈਨ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਦੀ ਸਹੂਲਤ ਦਾ ਲਾਭ ਲੈਣ ਦਾ ਸੱਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਰਾਜ ਸਰਕਾਰ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਲਗਾਏ ਗਏ ਤਿੰਨ ਰੋਜ਼ਾ ਪੈਨਸ਼ਨਰ ਸੇਵਾ ਮੇਲੇ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਡੀਸੀ ਨੇ ਜਾਣਕਾਰੀ ਦਿੰਦਿਆਂ ਕਿਹਾ ਇਹ ਪੋਰਟਲ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਨਾਲ ਸਬੰਧਤ ਮੁੱਦਿਆਂ ਦੇ ਜਲਦ ਤੇ ਸੁਵਿਧਾਜਨਕ ਨਿਪਟਾਰੇ ਲਈ ਕੀਤੀ ਗਈ ਡਿਜੀਟਲ ਪਹਿਲ ਹੈ, ਜਿਸ ਸਦਕਾ ਉਹ ਘਰ ਬੈਠੇ ਇਕ ਕਲਿੱਕ ਨਾਲ ਪੈਨਸ਼ਨ ਖਾਤੇ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਰਿਟਾਇਰਡ ਪੈਨਸ਼ਨਰਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਪੈਨਸ਼ਨਰ ਮੇਲੇ ’ਚ ਸ਼ਮੂਲੀਅਤ ਕਰਕੇ ਆਪਣੀ ਈ-ਕੇਵਾਈਸੀ ਤੇ ਜੀਵਨ ਪ੍ਰਮਾਣ ਪੱਤਰ ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ। ਪੋਰਟਲ ’ਤੇ ਰਜਿਸਟਰ ਹੋਣ ਤੋਂ ਬਾਅਦ ਪੈਨਸ਼ਨਰ ਆਨਲਾਈਨ ਪੈਨਸ਼ਨ ਖਾਤਿਆਂ ਬਾਰੇ ਜਾਣਕਾਰੀ ਚੈੱਕ ਕਰ ਸਕਦੇ ਹਨ, ਸਬੰਧਤ ਦਸਤਾਵੇਜ਼ ਡਾਊਨਲੋਡ ਕਰ ਸਕਦੇ ਹਨ ਤੇ ਸੇਵਾਵਾਂ ਸਬੰਧੀ ਅਰਜ਼ੀਆਂ ਟਰੈਕ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਪੈਨਸ਼ਨਰ ਆਪਣੇ ਪੀਪੀਓ ਦੀ ਕਾਪੀ, ਆਧਾਰ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ ਅਤੇ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਫ਼ੋਨ ਜ਼ਰੂਰ ਨਾਲ ਲੈ ਕੇ ਆਉਣ। ਇਹ ਮੇਲਾ 20 ਅਤੇ 21 ਨਵੰਬਰ ਨੂੰ ਜ਼ਿਲ੍ਹਾ ਖਜ਼ਾਨਾ ਦਫਤਰ ਅਤੇ ਉਪ ਖਜ਼ਾਨਾ ਦਫ਼ਤਰਾਂ ਨਕੋਦਰ, ਸ਼ਾਹਕੋਟ ਅਤੇ ਫਿਲੌਰ ਵਿਖੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਜਾਣਕਾਰੀ ਲਈ ਪੈਨਸ਼ਨ ਇੰਚਾਰਜ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਵਿੱਤ ਵਿਭਾਗ ਤੋਂ ਆਏ ਅਧਿਕਾਰੀ ਡਿਪਟੀ ਡਾਇਰੈਕਟਰ ਕਰਮ ਸਿੰਘ ਤੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਅਮਰਨਾਥ ਵੀ ਮੌਜੂਦ ਸੀ।