- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਕਾਲਜ ਤੇ ਯੂਬੀਏ ਸੰਗਰੂਰ ਨੇ ਰੈੱਡ ਬੁੱਲ ਭੰਗੜਾ ਬ੍ਰਾਲ ਦੇ ਨੈਸ਼ਨਲ ਫਾਈਨਲ ਲਈ ਬਣਾਈ ਥਾਂ

-ਰੈੱਡ ਬੁੱਲ ਭੰਗੜਾ ਬ੍ਰਾਲ ਕੁਆਲੀਫਾਇਰ ਦੌਰਾਨ ਜ਼ਬਰਦਸਤ ਮੁਕਾਬਲਾ
-ਹਰ ਸ਼ਹਿਰ ’ਚ ਨਾਕਆਊਟ ਫਾਰਮੈਟ ’ਚ ਕਰਵਾਇਆ ਜਾਂਦੈ ਮੁਕਾਬਲਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਜਲੰਧਰ ’ਚ ਪਹਿਲੀ ਸਤੰਬਰ ਨੂੰ ਹੋਏ ਰੈੱਡ ਬੁੱਲ ਭੰਗੜਾ ਬ੍ਰਾਲ ਕੁਆਲੀਫਾਇਰ ’ਚ ਭੰਗੜਾ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਮੁਕਾਬਲੇ ਵਿਚ ਡੀਏਵੀ ਕਾਲਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਯੂਬੀਏ ਸੰਗਰੂਰ ਦੀ ਟੀਮ ਰਨਰਅੱਪ ਰਹੀ। ਦੋਵੇਂ ਟੀਮਾਂ ਹੁਣ 20 ਸਤੰਬਰ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਹੋਣ ਵਾਲੇ ਰੈੱਡ ਬੁੱਲ ਭੰਗੜਾ ਬ੍ਰਾਲ ਇੰਡੀਆ ਫਾਈਨਲ ’ਚ ਹਿੱਸਾ ਲੈਣਗੀਆਂ।
ਪ੍ਰਬੰਧਕਾਂ ਨੇ ਦੱਸਿਆ ਕਿ ਰੈੱਡ ਬੁੱਲ ਭੰਗੜਾ ਬ੍ਰਾਲ ਦਾ ਜਲੰਧਰ ਕੁਆਲੀਫਾਇਰ ਐੱਨਆਈਟੀ ਜਲੰਧਰ ਵਿਖੇ ਕਰਵਾਇਆ ਗਿਆ। ਡੀਏਵੀ ਕਾਲਜ ਦੀ ਜੇਤੂ ਟੀਮ ਵਿੱਚ ਪਾਰਸ, ਅਨਮੋਲਦੀਪ ਸਿੰਘ, ਸਰਬਜੀਤ ਸਿੰਘ, ਤਰਨ ਸਿੰਘ, ਮੋਹਿਤ ਕੁਮਾਰ ਤੇ ਮਨਜੋਤ ਸਿੰਘ ਸ਼ਾਮਲ ਸਨ। ਉੱਥੇ ਹੀ ਯੂਬੀਏ ਸੰਗਰੂਰ ਦੀ ਟੀਮ ਵਿੱਚ ਅੰਸ਼ ਗੋਇਲ, ਗੁਰਫਤਹਿ ਸਿੰਘ ਮਾਨ, ਦਕਸ਼ ਧਮੀਜਾ, ਓਮ ਸ਼ਿਵਹਰੇ ਅਤੇ ਜਸ਼ਨ ਕੁਮਾਰ ਨੇ ਕਲਾ ਦਾ ਪ੍ਰਦਰਸ਼ਨ ਕੀਤਾ। ਕੁਆਲੀਫਾਇਰ ਵਿੱਚ ਜੱਜਾਂ ਵਜੋਂ ਆਕਾਂਕਸ਼ਾ ਸ਼ਰਮਾ, ਕੁੰਵਰ ਸਾਹਿਬ ਸਿੰਘ ਅਤੇ ਸਹਿਜ ਸਿੰਘ ਨੇ ਟੀਮਾਂ ਦੀਆਂ ਪੇਸ਼ਕਾਰੀਆਂ ਨੂੰ ਜੱਜ ਕੀਤਾ।
ਉਨ੍ਹਾਂ ਕਿਹਾ ਕਿ ਰੈੱਡ ਬੁੱਲ ਭੰਗੜਾ ਬ੍ਰਾਲ ਦਾ ਫਾਰਮੈਟ ਜ਼ਮੀਨੀ ਪੱਧਰ ਦੀਆਂ ਸਟ੍ਰੀਟ ਪਰਫਾਰਮੈਂਸਾਂ ਦੀ ਊਰਜਾ ਨੂੰ ਕੌਮੀ ਮੰਚ ਤੱਕ ਲਿਆਉਣ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਰਚਨਾਤਮਕਤਾ, ਟੀਮ ਵਰਕ ਅਤੇ ਭੰਗੜੇ ਦੇ ਹੁਨਰ ਨੂੰ ਖਾਸ ਤਵੱਜੋ ਦਿੱਤੀ ਜਾਂਦੀ ਹੈ। ਮੁਕਾਬਲੇ ਦੀ ਸ਼ੁਰੂਆਤ ਆਨਲਾਈਨ ਕੁਆਲੀਫਾਇਰ ਨਾਲ ਹੁੰਦੀ ਹੈ, ਜਿਸ ਵਿੱਚ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ 3 ਤੋਂ 6 ਮੈਂਬਰਾਂ ਵਾਲੇ ਭੰਗੜਾ ਕਰੂ ਤਿੰਨ ਮਿੰਟ ਦੀ ਆਪਣੀ ਮੂਲ ਗਰੁੱਪ ਪਰਫਾਰਮੈਂਸ ਦੀ ਵੀਡੀਓ ਜਮ੍ਹਾਂ ਕਰਵਾਉਂਦੇ ਹਨ। ਇਸ ਤੋਂ ਬਾਅਦ ਚੁਣੀਆਂ ਗਈਆਂ ਟੀਮਾਂ ਸਿਟੀ-ਲੈਵਲ ਕੁਆਲੀਫਾਇਰ ਵਿੱਚ ਹਿੱਸਾ ਲੈਂਦੀਆਂ ਹਨ। ਹਰ ਸ਼ਹਿਰ ਵਿੱਚ ਮੁਕਾਬਲਾ ਨਾਕਆਊਟ ਫਾਰਮੈਟ ਵਿੱਚ ਕਰਵਾਇਆ ਜਾਂਦਾ ਹੈ। ਪਹਿਲਾ ਰਾਊਂਡ ਕੁਆਰਟਰ-ਫਾਈਨਲ ਹੁੰਦਾ ਹੈ, ਜੋ ਕੋਰੀਓਗ੍ਰਾਫੀ ਰਾਊਂਡ ਹੁੰਦਾ ਹੈ। ਇਸ ’ਚ ਟੀਮਾਂ ਆਪਣੇ ਤਿਆਰ ਕੀਤੇ ਸੰਗੀਤ ’ਤੇ ਤਿੰਨ ਮਿੰਟ ਦੀ ਪੇਸ਼ਕਾਰੀ ਕਰਦੀਆਂ ਹਨ। ਕੁਆਰਟਰ-ਫਾਈਨਲ ਤੋਂ ਬਾਅਦ ਚੋਟੀ ਦੀਆਂ ਚਾਰ ਟੀਮਾਂ ਦੂਜੇ ਰਾਊਂਡ ’ਚ ਪਹੁੰਚਦੀਆਂ ਹਨ। ਇਹ ਬੈਟਲ ਫਾਰਮੈਟ ’ਚ ਹੁੰਦਾ ਹੈ, ਜਿਸ ਵਿੱਚ 45-45 ਸਕਿੰਟ ਦੇ ਦੋ ਰਾਊਂਡ ਹੁੰਦੇ ਹਨ।