- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵੇ ਥੱਲੇ ਹਨੇਰਾ: ਅਰਬਾਂ ਦੇ ਫੰਡਾਂ ਬਾਅਦ ਵੀ ਜਲੰਧਰ 'ਸਮਾਰਟ ਸਿਟੀ' ਦੇ ਦਾਅਵਿਆਂ ਤੋਂ ਦੂਰ

-ਮੋਟੇ ਫੰਡ ਖ਼ਰਚ ਕੇ ਵੀ ਸਮਾਰਟ ਸ਼ਹਿਰ ਨਹੀਂ ਲੱਗਦਾ ਜਲੰਧਰ
-ਥੋੜ੍ਹੀ ਜਿਹੀ ਬਰਸਾਤ ਨਾਲ ਜਲੰਧਰ ਹੋ ਜਾਂਦਾ ਹੈ ਜਲ ਅੰਦਰ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਕੇਂਦਰ ਸਰਕਾਰ ਵੱਲੋਂ 2015 'ਚ ਸ਼ੁਰੂ ਕੀਤੇ ਗਏ 'ਸਮਾਰਟ ਸਿਟੀ ਮਿਸ਼ਨ' ਤਹਿਤ ਚੁਣੇ ਗਏ 100 ਦੇਸ਼-ਵਿਆਪੀ ਸ਼ਹਿਰਾਂ ਵਿੱਚੋਂ ਜਲੰਧਰ ਵੀ ਇੱਕ ਪ੍ਰਮੁੱਖ ਸ਼ਹਿਰ ਸੀ। ਇੱਕ ਸਮੇਂ 2022 ਵਿੱਚ ਦੇਸ਼ ਭਰ ਵਿੱਚੋਂ 11ਵਾਂ ਤੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲਾ ਜਲੰਧਰ ਸ਼ਹਿਰ ਅੱਜ ਪ੍ਰਸ਼ਾਸਨਿਕ ਲਾਪਰਵਾਹੀ, ਅਧੂਰੇ ਪ੍ਰੋਜੈਕਟਾਂ ਅਤੇ ਕਥਿਤ ਭ੍ਰਿਸ਼ਟਾਚਾਰ ਦੀ ਮਿਸਾਲ ਬਣ ਕੇ ਰਹਿ ਗਿਆ ਹੈ।
---------------------------
ਅਰਬਾਂ ਰੁਪਏ ਦਾ ਬਜਟ ਪਰ ਜ਼ਮੀਨੀ ਹਕੀਕਤ ਸਿਫ਼ਰ
ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰ, ਸੂਬਾ ਸਰਕਾਰ ਅਤੇ ਸਥਾਨਕ ਨਿਗਮ ਵੱਲੋਂ 1000 ਕਰੋੜ ਰੁਪਏ ਦਾ ਫੰਡ ਤੈਅ ਕੀਤਾ ਗਿਆ ਸੀ। 'ਜਲੰਧਰ ਸਮਾਰਟ ਸਿਟੀ ਲਿਮਟਿਡ' ਵੱਲੋਂ ਬਰਲਟਨ ਪਾਰਕ ਸਪੋਰਟਸ ਹੱਬ, ਸਰਫੇਸ ਵਾਟਰ ਸਪਲਾਈ, ਸਮਾਰਟ ਲਾਈਟਾਂ, ਜੀਪੀਐੱਸ-ਯੁਕਤ ਬੱਸਾਂ ਤੇ ਆਧੁਨਿਕ ਟ੍ਰੈਫਿਕ ਸਿਸਟਮ ਵਰਗੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸਰਕਾਰੀ ਹਦਾਇਤ ਸੀ ਕਿ 100 ਏਕੜ ਥਾਂ ਲੈ ਕੇ ਮਾਡਲ ਤਿਆਰ ਕਰ ਕੇ ਮਿਸਾਲ ਪੇਸ਼ ਕੀਤੀ ਜਾਵੇ ਪਰ ਕੰਪਨੀ ਨੇ ਆਏ ਫੰਡਾਂ ਦੀ ਦੁਰਵਰਤੋਂ ਕਰਦਿਆਂ ਉਸ ਨੂੰ ਮਾਡਲ ਉਸਾਰਨ ਦੀ ਬਜਾਏ ਸੜਕਾਂ ਤੇ ਹੋਰ ਥਾਂ ’ਤੇ ਲਗਾ ਦਿੱਤਾ ਗਿਆ। ਹੁਣ ਜਦੋਂ ਇਸ ਪ੍ਰੋਜੈਕਟ ਦੀ ਮਿਆਦ ਮੁੱਕ ਚੁੱਕੀ ਹੈ ਤੇ ਲਟਕ ਰਹੇ ਹਨ ਤੇ ਸ਼ਹਿਰ ਦੀ ਸੁੰਦਰੀਕਰਨ ਵੀ ਘਟਦਾ ਜਾ ਰਿਹਾ ਹੈ। ਅੱਜ ਸਥਿਤੀ ਇਹ ਹੈ ਕਿ ਮਾੜੇ ਸੀਵਰੇਜ ਸਿਸਟਮ ਕਾਰਨ ਥੋੜ੍ਹੀ ਜਿਹੀ ਬਰਸਾਤ ਨਾਲ ਜਲੰਧਰ ਜਲ ਅੰਦਰ ਹੋ ਜਾਂਦਾ ਹੈ। ਐੱਲਈਡੀ ਲਾਈਟਾਂ, ਸਮਾਰਟ ਰੋਡਾਂ ਤੇ ਕੌਂਸਲਿੰਗ ਦੇ ਕੰਮਾਂ 'ਚ ਕਰੋੜਾਂ ਦੇ ਘੁਟਾਲਿਆਂ ਦੇ ਦੋਸ਼ ਲੱਗੇ ਹਨ। ਪਾਈਪਾਂ ਪਾਉਣ ਤੋਂ ਬਾਅਦ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਰੋਜ਼ਾਨਾ ਜਾਮ ਲੱਗਦੇ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਵਜੋਂ ਸ਼ਹਿਰ ਦਾ ਐਂਟਰੀ ਅਤੇ ਐਗਜ਼ਿਟ ਪੁਆਇੰਟ ਪੀਏਪੀ ਚੌਕ ਦੇ ਪੁਲ ਇੰਜੀਨੀਅਰਾਂ ਵੱਲੋਂ ਗਲਤ ਡਿਜ਼ਾਈਨਿੰਗ ਕਾਰਨ ਨੈਸ਼ਨਲ ਹਾਈਵੇ ਜਾਮ ਤੇ ਹਾਦਸਿਆਂ ਦਾ ਵੱਡਾ ਕਾਰਨ ਹੈ।
---------------------------
ਸਮਾਰਟ ਸਿਟੀ ਦੇ ਦਾਅਵਿਆਂ ਦੀ ਖੋਲ੍ਹਦਾ ਪੋਲ
ਸ਼ਹਿਰ ਦੇ ਸਭ ਤੋਂ ਵਿਅਸਤ ਬੀ.ਐੱਮ.ਸੀ.ਚੌਂਕ, ਜਿੱਥੇ 8 ਵੱਖ-ਵੱਖ ਦਿਸ਼ਾਵਾਂ ਦੇ ਰਸਤੇ ਆ ਕੇ ਮਿਲਦੇ ਹਨ, ਦੀ ਹਾਲਤ ਪ੍ਰਸ਼ਾਸਨਿਕ ਨਾਕਾਮੀ ਦਾ ਸਭ ਤੋਂ ਵੱਡਾ ਸਬੂਤ ਹੈ। ਇਸ ਚੌਕ ਦੇ ਸੁੰਦਰੀਕਰਨ ਦਾ ਜ਼ਿੰਮਾ ਸਥਾਨਕ ਪ੍ਰਸ਼ਾਸਨ ਤੇ ਇਕ ਨਿੱਜੀ ਯੂਨੀਵਰਸਿਟੀ ਵੱਲੋਂ ਲਿਆ ਗਿਆ ਸੀ ਪਰ ਇਹ ਬਦਲਾਅ ਸਿਰਫ ਉੱਪਰੀ ਪੱਧਰ ’ਤੇ ਹੀ ਸੀਮਤ ਰਿਹਾ। ਪੁਲ ਦੇ ਹੇਠਾਂ ਥਾਂ-ਥਾਂ ਗੰਦਗੀ ਦਾ ਆਲਮ ਹੈ। ਲਾਈਆਂ ਗਈਆਂ ਸੁਰੱਖਿਆ ਗਰਿੱਲਾਂ ਉਖੜ ਚੁੱਕੀਆਂ ਹਨ, ਜੋ ਕਿਸੇ ਵੀ ਵੇਲੇ ਵਾਹਨ ਚਾਲਕਾਂ ਜਾਂ ਰਾਹਗੀਰਾਂ ਲਈ ਜਾਨਲੇਵਾ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਇਸ ਦੇ ਨਾਲ ਹੀ ਸੁੰਦਰਤਾ ਦੇ ਨਾਂ ’ਤੇ ਧੱਬਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਸਮਾਰਟ ਸਿਟੀ ਕੰਪਨੀ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਸੀ ਤਾਂ ਪ੍ਰੋਜੈਕਟ ਸਾਲਾਂ ਬੱਧੀ ਲਮਕਾਏ ਕਿਉਂ ਗਏ? 'ਸਮਾਰਟ ਸਿਟੀ' ਦਾ ਮਤਲਬ ਸਿਰਫ਼ ਕਾਗਜ਼ੀ ਰੈਂਕਿੰਗ ਹਾਸਲ ਕਰਨਾ ਨਹੀਂ, ਸਗੋਂ ਆਮ ਨਾਗਰਿਕਾਂ ਨੂੰ ਬੁਨਿਆਦੀ ਸਹੂਲਤਾਂ ਤੇ ਸਵੱਛ ਵਾਤਾਵਰਣ ਦੇਣਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਕਾਗਜ਼ੀ ਦਾਅਵਿਆਂ ਤੋਂ ਬਾਹਰ ਆ ਕੇ ਬੀਐੱਮਸੀ ਚੌਕ ਸਮੇਤ ਸ਼ਹਿਰ ਦੇ ਬਾਕੀ ਹਿੱਸਿਆਂ ਦੀ ਸਫ਼ਾਈ, ਮੁਰੰਮਤ ਅਤੇ ਅਧੂਰੇ ਪਏ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕੀਤਾ ਜਾਵੇ।