- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਰਿਆ ਐਨਕਲੇਵ ਵਰਗੇ ਪੌਸ਼ ਇਲਾਕੇ ’ਚ ਸਟ੍ਰੀਟ ਲਾਈਟਾਂ ਬੰਦ, ਪਾਰਕਾਂ ’ਚ ਛਾਇਆ ਹਨੇਰਾ: ਰਵਿਸ਼ ਰਾਜ

-ਸ਼ਾਮ ਨੂੰ ਸੈਰ ਕਰਨ ਵਾਲਿਆਂ ਤੇ ਬੱਚਿਆਂ ਨੂੰ ਹੋ ਰਹੀ ਪਰੇਸ਼ਾਨੀ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸੀ ਆਗੂ ਤੇ ਪੰਜਾਬ ਬ੍ਰਾਹਮਣ ਵੈਲਫੇਅਰ ਬੋਰਡ ਦੇ ਸਾਬਕਾ ਡਾਇਰੈਕਟਰ ਰਵਿਸ਼ ਰਾਜ ਸ਼ਰਮਾ ਨੇ ਸ਼ਹਿਰ ਦੇ ਪੌਸ਼ ਇਲਾਕੇ ਸੂਰਿਆ ਐਨਕਲੇਵ ’ਚ ਸਟ੍ਰੀਟ ਲਾਈਟਾਂ ਬੰਦ ਹੋਣ ਤੇ ਪਾਰਕਾਂ ’ਚ ਹਨੇਰਾ ਪਸਰੇ ਰਹਿਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਨਗਰ ਨਿਗਮ ਸ਼ਹਿਰ ’ਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਪਰ ਸੂਰਿਆ ਐਨਕਲੇਵ ਵਰਗੇ ਪ੍ਰਮੁੱਖ ਰਿਹਾਇਸ਼ੀ ਇਲਾਕੇ ’ਚ ਸਟ੍ਰੀਟ ਲਾਈਟਾਂ ਲੰਬੇ ਸਮੇਂ ਤੋਂ ਬੰਦ ਪਈਆਂ ਹਨ ਤੇ ਇਨ੍ਹਾਂ ਨੂੰ ਠੀਕ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਰਵਿਸ਼ ਰਾਜ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ ਪਾਰਕਾਂ ਦੀ ਹਾਲਤ ਵੀ ਠੀਕ ਨਹੀਂ ਹੈ। ਸ਼ਾਮ ਸਮੇਂ ਵੱਡੀ ਗਿਣਤੀ ’ਚ ਲੋਕ ਸੈਰ ਕਰਨ ਤੇ ਬੱਚੇ ਖੇਡਣ ਲਈ ਪਾਰਕਾਂ ’ਚ ਆਉਂਦੇ ਹਨ, ਪਰ ਲੋੜੀਂਦੀ ਰੌਸ਼ਨੀ ਨਾ ਹੋਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਨੇਰੇ ਕਾਰਨ ਬਜ਼ੁਰਗਾਂ ਤੇ ਹੋਰ ਵਸਨੀਕਾਂ ਲਈ ਸੈਰ ਕਰਨਾ ਮੁਸ਼ਕਲ ਹੋ ਗਿਆ ਹੈ, ਜਦਕਿ ਬੱਚੇ ਵੀ ਸੁਰੱਖਿਅਤ ਮਾਹੌਲ ’ਚ ਖੇਡ ਨਹੀਂ ਪਾ ਰਹੇ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੂਰਿਆ ਐਨਕਲੇਵ ਦੀਆਂ ਸਾਰੀਆਂ ਖਰਾਬ ਸਟ੍ਰੀਟ ਲਾਈਟਾਂ ਤੁਰੰਤ ਠੀਕ ਕਰਵਾਈਆਂ ਜਾਣ ਤੇ ਪਾਰਕਾਂ ’ਚ ਲੋੜੀਂਦੀ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇ।