- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਟੀਏ ਦੇ ਟਰੈਕ ਦੀ ਫਿਰ ਓਹੀ ਕਹਾਣੀ, ਮੀਂਹ ਪਿਆ ਤੇ ਕੈਮਰੇ ਬੰਦ

-ਟੈਸਟ ਦੇਣ ਵਾਲੀਆਂ ਗੱਡੀਆਂ ਲੱਗੀਆਂ ਰਹਿ ਗਈਆਂ ਲਾਈਨ ‘ਚ
-10 ਦੇ ਕਰੀਬ ਆਵੇਦਕਾਂ ਨੂੰ ਮੁੜਣਾ ਪਿਆ ਬੇਰੰਗ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਡਰਾਈਵਿੰਗ ਟੈਸਟ ਟਰੈਕ ’ਤੇ ਪਹੁੰਚਣ ਵਾਲੇ ਲੋਕਾਂ ਦੀ ਖੱਜਲ-ਖੁਆਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਕੈਮਰੇ ਬੰਦ ਹੋਣ ਦੀ ਸਮੱਸਿਆ ਤੋਂ ਅਜੇ ਤੱਕ ਰਾਹਤ ਨਹੀਂ ਮਿਲੀ ਤੇ ਹੁਣ ਮੀਂਹ ਕਾਰਨ ਟੈਸਟ ਪ੍ਰਕਿਰਿਆ ਦੀ ਰਫ਼ਤਾਰ ਵੀ ਪ੍ਰਭਾਵਿਤ ਹੋ ਗਈ। ਸ਼ੁੱਕਰਵਾਰ ਨੂੰ ਕਰੀਬ 10 ਲੋਕਾਂ ਦੇ ਡਰਾਈਵਿੰਗ ਟੈਸਟ ਨਹੀਂ ਹੋ ਸਕੇ, ਜਦਕਿ ਆਪਣੇ ਜ਼ਰੂਰੀ ਕੰਮ ਲਈ ਟਰੈਕ ’ਤੇ ਪਹੁੰਚੇ ਹੋਰ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਵਾਰ-ਵਾਰ ਸਾਹਮਣੇ ਆ ਰਹੀਆਂ ਤਕਨੀਕੀ ਸਮੱਸਿਆਵਾਂ ਤੇ ਮੀਂਹ ਦੌਰਾਨ ਪ੍ਰਭਾਵਿਤ ਹੋ ਰਹੇ ਕੰਮਕਾਜ ਨੇ ਟਰੈਕ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
-----------------------
ਕੈਮਰੇ ਬੰਦ ਹੋਣ ਕਾਰਨ ਟੈਸਟਾਂ ਦੀ ਗਿਣਤੀ ਘਟੀ
ਸ਼ੁੱਕਰਵਾਰ ਨੂੰ ਮੀਂਹ ਕਾਰਨ ਟੈਸਟ ਪ੍ਰਕਿਰਿਆ ਪ੍ਰਭਾਵਿਤ ਹੋਈ ਤੇ ਕਰੀਬ 10 ਲੋਕਾਂ ਦੇ ਟੈਸਟ ਨਹੀਂ ਹੋ ਸਕੇ, ਉਨਾਂ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਟਰੈਕ ’ਤੇ ਆਉਣ ਵਾਲੇ ਲੋਕ ਪਹਿਲਾਂ ਹੀ ਆਪਣੇ ਦਸਤਾਵੇਜ਼ ਤਿਆਰ ਕਰਦੇ ਹਨ ਤੇ ਕਈ ਵਾਰ ਕੰਮ ਤੋਂ ਛੁੱਟੀ ਲੈ ਕੇ ਪਹੁੰਚਦੇ ਹਨ। ਅਜਿਹੇ ’ਚ ਟੈਸਟ ਨਾ ਹੋਣ ਜਾਂ ਪ੍ਰਕਿਰਿਆ ਪ੍ਰਭਾਵਿਤ ਹੋਣ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਦੋਵੇਂ ਖ਼ਰਚ ਹੁੰਦੇ ਹਨ। ਦੂਰ-ਦੁਰਾਡੇ ਤੋਂ ਆਉਣ ਵਾਲਿਆਂ ਲਈ ਇਹ ਪਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਮੁੜ ਟਰੈਕ ’ਤੇ ਆਉਣ ਲਈ ਵਾਧੂ ਖ਼ਰਚ ਤੇ ਸਮਾਂ ਲਗਾਉਣਾ ਪੈ ਸਕਦਾ ਹੈ। ਇਸ ਲਈ ਮੌਸਮ ਕਾਰਨ ਕੰਮਕਾਜ ਪ੍ਰਭਾਵਿਤ ਹੋਣ ਦੀ ਸਥਿਤੀ ’ਚ ਲੋਕਾਂ ਨੂੰ ਸਮੇਂ ਸਿਰ ਜਾਣਕਾਰੀ ਦੇਣਾ ਵੀ ਜ਼ਰੂਰੀ ਹੈ।
--------------------------
ਮੀਂਹ ਦੌਰਾਨ ਨਹੀਂ ਕੋਈ ਖਾਸ ਪ੍ਰਬੰਧ
ਮੀਂਹ ਕਾਰਨ ਟੈਸਟਾਂ ਦੀ ਰਫ਼ਤਾਰ ਘਟਣ ਤੋਂ ਬਾਅਦ ਇਹ ਸਵਾਲ ਵੀ ਅਹਿਮ ਹੈ ਕਿ ਟਰੈਕ ’ਤੇ ਮੌਸਮ ਦੇ ਅਨੁਸਾਰ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ ਹਨ। ਜੇਕਰ ਮੀਂਹ ਦੌਰਾਨ ਟੈਸਟ ਲੈਣਾ ਸੰਭਵ ਨਹੀਂ ਹੁੰਦਾ ਤਾਂ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ। ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਹੀ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਤੋਂ ਤਿਆਰੀ ਕੀਤੀ ਜਾਵੇ ਤਾਂ ਲੋਕਾਂ ਦੀ ਖੱਜਲ-ਖੁਆਰੀ ਘਟਾਈ ਜਾ ਸਕਦੀ ਹੈ।
----------------------
ਰਾਹਤ ਦੇਣ ਲਈ ਠੋਸ ਕਦਮ ਜ਼ਰੂਰੀ
ਡਰਾਈਵਿੰਗ ਟੈਸਟ ਟਰੈਕ ’ਤੇ ਆਉਣ ਵਾਲੇ ਲੋਕਾਂ ਨੂੰ ਸਮੇਂ ਸਿਰ ਸੇਵਾ ਮਿਲਣੀ ਚਾਹੀਦੀ ਹੈ। ਇਸ ਲਈ ਕੈਮਰਿਆਂ ਦੀ ਖ਼ਰਾਬੀ ਦਾ ਪੱਕਾ ਹੱਲ, ਤਕਨੀਕੀ ਉਪਕਰਨਾਂ ਦੀ ਨਿਯਮਤ ਜਾਂਚ ਤੇ ਮੀਂਹ ਦੌਰਾਨ ਕੰਮਕਾਜ ਨੂੰ ਸੁਚਾਰੂ ਰੱਖਣ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਲੋੜ ਹੈ। ਸ਼ੁੱਕਰਵਾਰ ਨੂੰ 10 ਲੋਕਾਂ ਦੇ ਟੈਸਟ ਨਾ ਹੋ ਸਕਣ ਕਾਰਨ ਪੈਦਾ ਹੋਈ ਸਥਿਤੀ ਨੇ ਮੁੜ ਅਧਿਕਾਰੀਆਂ ਨੂੰ ਕਟਿਹਰੇ ਵਿਚ ਲਿਆ ਖੜ੍ਹਾ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਅਧਿਕਾਰੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਦੋਂ ਕਰਦੇ ਹਨ, ਤਾਂ ਜੋ ਲੋਕਾਂ ਨੂੰ ਡਰਾਈਵਿੰਗ ਟੈਸਟ ਲਈ ਵਾਰ-ਵਾਰ ਚੱਕਰ ਨਾ ਲਗਾਉਣੇ ਪੈਣ।
-------------------------
ਇਕ-ਇਕ, ਦੋ-ਦੋ ਕਰਕੇ ਕੀਤੇ ਜਾਣਗੇ ਐਡਜਸਟ : ਭਾਰਤੀ
ਇਸ ਸਬੰਧੀ ਏਟੀਓ ਸੰਦੀਪ ਭਾਰਤੀ ਨਾਲ ਗੱਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ 10 ਦੇ ਕਰੀਬ ਬਿਨੈਕਾਰਾਂ ਦੇ ਟੈਸਟ ਨਹੀਂ ਹੋ ਸਕੇ, ਉਹ ਦੋਬਾਰਾ ਸਲਾਟ ਬੁੱਕ ਕਰਵਾਕੇ ਟਰੈਕ ’ਤੇ ਆ ਸਕਦੇ ਹਨ। ਉਨ੍ਹਾਂ ਦਾ ਕੰਮ ਇਕ-ਇਕ, ਦੋ-ਦੋ ਕਰਕੇ 15 ਦਿਨਾਂ ’ਚ ਨਿਬੇੜ ਦਿੱਤਾ ਜਾਵੇਗਾ ਤੇ ਜਲਦੀ ਹੀ ਕੈਮਰਿਆਂ ਦਾ ਮੀਂਹ ਕਾਰਨ ਬੰਦ ਹੋਣ ਦਾ ਪੱਕਾ ਹੱਲ ਵੀ ਕੱਢ ਲਿਆ ਜਾਵੇਗਾ।