ਦਾਨੇਵਾਲ ਡੇਰੇ ਦਾ ਸਾਲਾਨਾ ਮੇਲਾ ਮੁਲਤਵੀ ਦਾਨੇਵਾਲ ਡੇਰੇ ਦਾ ਸਾਲਾਨਾ ਮੇਲਾ ਮੁਲਤਵੀ ਐੱਸਡੀਐੱਮ ਵੱਲੋਂ ਮਨਾਹੀ ਦੇ ਹੁਕਮ ਜਾਰੀ
Publish Date: Fri, 03 Jul 2026 09:52 PM (IST)
Updated Date: Fri, 03 Jul 2026 09:56 PM (IST)
-ਅਮਨ-ਸ਼ਾਂਤੀ ਲਈ ਡੀਐੱਸਪੀ ਦੀ ਅਗਵਾਈ ’ਚ ਭਾਰੀ ਪੁਲਿਸ ਫੋਰਸ ਤਾਇਨਾਤ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸ਼ਾਹਕੋਟ ਦੇ ਨਜ਼ਦੀਕੀ ਪਿੰਡ ਦਾਨੇਵਾਲ ’ਚ ਸਥਿਤ ਡੇਰਾ ਦਰਬਾਰ ਬਾਬਾ ਮਸਤ ਵਲੀ ਵਿਖੇ ਦੋ ਧਿਰਾਂ ਦੇ ਵਿਵਾਦ ਕਾਰਨ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦੇ ਹੋਏ 4 ਅਤੇ 5 ਜੁਲਾਈ 2026 ਨੂੰ ਹੋਣ ਵਾਲਾ ਸਾਲਾਨਾ ਮੇਲਾ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਡੇਰੇ ਤੇ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਉਪ ਮੰਡਲ ਮੈਜਿਸਟਰੇਟ ਸ਼ਾਹਕੋਟ ਵੱਲੋਂ ਜਾਰੀ ਕੀਤੇ ਗਏ ਲਿਖਤੀ ਹੁਕਮਾਂ ਅਨੁਸਾਰ, ਖੁਫੀਆ ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਦਰਗਾਹ ਦੇ ਪ੍ਰਬੰਧਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਆਪਸੀ ਵਿਵਾਦ ਚੱਲ ਰਿਹਾ ਹੈ। ਮੇਲੇ ਦੌਰਾਨ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਸੀ, ਜਿਸ ਕਾਰਨ ਲੜਾਈ-ਝਗੜੇ ਤੇ ਜਾਨੀ-ਮਾਲੀ ਨੁਕਸਾਨ ਦਾ ਡਰ ਬਣਿਆ ਹੋਇਆ ਸੀ। ਹੁਕਮਾਂ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਐਡੀਸ਼ਨਲ ਜ਼ਿਲ੍ਹਾ ਜੱਜ, ਜਲੰਧਰ ਵੱਲੋਂ 24 ਦਸੰਬਰ 2025 ਨੂੰ ਮੌਜੂਦਾ ਸਥਿਤੀ (ਸਟੇਸਟ ਕੋ) ਬਰਕਰਾਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਲਈ ਦੋਵਾਂ ਧਿਰਾਂ ਦੀ ਸਹਿਮਤੀ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਦੇ ਹਿੱਤ ਵਿੱਚ ਮੇਲਾ ਤੁਰੰਤ ਪ੍ਰਭਾਵ ਨਾਲ ਮੁਲਤਵੀ ਕੀਤਾ ਗਿਆ ਹੈ। ਦੂਜੇ ਪਾਸੇ, ਡੇਰਾ ਬਾਬਾ ਮਸਤ ਵਲੀ ਟਰੱਸਟ ਦਾਨੇਵਾਲ ਦੇ ਮੈਂਬਰਾਂ ਮੰਗਲ ਸਿੰਘ, ਇੰਦਰਪਾਲ ਸਿੰਘ, ਅਨਿਲ ਨਾਹਰ, ਬਖਸ਼ੀਸ਼ ਸਿੰਘ, ਕੁਲਦੀਪ ਸਿੰਘ, ਅਨਮੋਲ ਗਿੱਲ, ਕਰਨੈਲ ਸਿੰਘ, ਗੁਰਜੀਤ ਸਿੰਘ, ਕਮਲਜੀਤ ਸਿੰਘ, ਸੁਰਜੀਤ ਸਿੰਘ ਤੇ ਰਾਜ ਕੁਮਾਰ ਨੇ ਸ਼ੁਕਰਵਾਰ ਨੂੰ ਲਿਖਤੀ ਬਿਆਨ ਵਿੱਚ ਦੱਸਿਆ ਗਿਆ ਕਿ ਡੇਰੇ ’ਚ ਪਿਛਲੇ 40-45 ਸਾਲਾਂ ਤੋਂ ਲਗਾਤਾਰ ਲੰਗਰ ਤੇ ਮੁਫ਼ਤ ਦਵਾਈਆਂ ਦੀ ਸੇਵਾ ਚੱਲ ਰਹੀ ਹੈ। ਦੋਸ਼ ਲਾਇਆ ਕਿ ਕੁਝ ਅਨਸਰ ਡੇਰੇ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਕਾਰਨ ਅਦਾਲਤ ’ਚ ਕੇਸ ਚੱਲ ਰਿਹਾ ਹੈ। ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ 3 ਜੁਲਾਈ ਨੂੰ ਐੱਸਡੀਐੱਮ ਸ਼ਾਹਕੋਟ ਨਾਲ ਹੋਈ ਮੀਟਿੰਗ ਵਿੱਚ ਪ੍ਰਸ਼ਾਸਨ ਨਾਲ ਪੂਰੀ ਸਹਿਮਤੀ ਪ੍ਰਗਟਾਈ ਗਈ ਹੈ ਅਤੇ ਡੇਰੇ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਮੇਲਾ ਮੁਲਤਵੀ ਕਰਨ ਦਾ ਫੈਸਲਾ ਮੰਨਿਆ ਗਿਆ ਹੈ। ਡੀਐੱਸਪੀ ਸ਼ਾਹਕੋਟ ਸਰਵਣ ਸਿੰਘ ਬੱਲ ਤੇ ਐੱਸਐੱਚਓ ਸ਼ਾਹਕੋਟ ਅਮਨ ਸੈਣੀ ਵਲੋਂ ਇਸ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ, ਪ੍ਰਸ਼ਾਸਨਿਕ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਪੁਲਿਸ ਵਿਭਾਗ ਵੱਲੋਂ ਸ਼ਾਹਕੋਟ ਪੁਲਿਸ ਸਟੇਸ਼ਨ ਵਿਖੇ ਭਾਰੀ ਫੋਰਸ ਇਕੱਠੀ ਕੀਤੀ ਗਈ ਤੇ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀਆਂ ਨੂੰ ਦਾਨੇਵਾਲ ਡੇਰੇ ਵੱਲ ਰਵਾਨਾ ਕੀਤਾ ਗਿਆ ਹੈ।