- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਰੀ ਨਿਕੇਤਨ ਵਿਖੇ ਤੀਜ ਦੇ ਤਿਉਹਾਰ ’ਚ ਸੰਸਥਾ ਦੀਆਂ ਧੀਆਂ ਨੇ ਪੀਂਘ ਝੂਟ ਕੇ ਤੇ ਨੱਚ-ਨੱਚ ਪਾਈ ਧਮਾਲ

ਚਿਹਰਿਆਂ ਦੀ ਮੁਸਕਾਨ ਹੀ ਦੱਸਦੀ ਹੈ ਕਿ ਕਿੰਨਾ ਖਿਆਲ ਰੱਖਿਆ ਜਾ ਰਿਹੈ : ਸ਼ਰਮਾ
ਸੰਸਥਾ ਦਾ ਉਦੇਸ਼ ਚੰਗੇ ਪਾਲਣ-ਪੋਸ਼ਣ ਨਾਲ ਹੀ ਸੱਭਿਆਚਾਰ ਨਾਲ ਜੋੜਨਾ : ਗੁਰਜੋਤ ਕੌਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਨਕੋਦਰ ਰੋਡ ਵਿਖੇ ਐੱਨ. ਕੇ. ਗੁਜਰਾਲ ਨਾਰੀ ਨਿਕੇਤਨ ਵਿਚ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੰਸਥਾ ਦੀਆਂ ਬੱਚੀਆਂ ਤੇ ਵਿਆਹੀਆਂ ਹੋਈਆਂ ਧੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਏ. ਪੀ. ਜੇ. ਗਰੁੱਪ ਦੇ ਡਾਇਰੈਕਟਰ ਸੁਚਾਰਿਤਾ ਸ਼ਰਮਾ ਤੇ ਵਿਸ਼ੇਸ਼ ਮਹਿਮਾਨ ਏ. ਪੀ. ਜੇ. ਕਾਲਜ ਦੇ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਸਨ। ਉਨ੍ਹਾਂ ਦਾ ਸਵਾਗਤ ਬੱਚੀਆਂ ਦੇ ਨਾਲ ਨਾਰੀ ਨਿਕੇਤਨ ਟਰੱਸਟ ਦੇ ਜਨਰਲ ਸਕੱਤਰ ਗੁਰਜੋਤ ਕੌਰ, ਟਰੱਸਟੀ ਸੀਮਾ ਚੋਪੜਾ ਤੇ ਅਨੁਰਾਧਾ ਸੋਂਧੀ ਅਤੇ ਸਟਾਫ ਮੈਂਬਰਾਂ ਨੇ ਪਲਾਂਟਰ ਤੇ ਹੱਥੀਂ ਤਿਆਰ ਕੀਤੇ ਕਾਰਡ ਦੇ ਕੇ ਕੀਤਾ। ਮੁੱਖ ਮਹਿਮਾਨ ਨੇ ਸੰਸਥਾ ਦੀ ਵਿਜ਼ਟਰ ਬੁੱਕ ’ਤੇ ਦਸਤਖ਼ਤ ਕਰਨ ਦੇ ਨਾਲ ਹੀ ਸੰਸਥਾ ਬਾਰੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਵੀ ਕੀਤਾ। ਨਾਰੀ ਨਿਕੇਤਨ ਟਰੱਸਟ ਦੇ ਜਨਰਲ ਸਕੱਤਰ ਗੁਰਜੋਤ ਕੌਰ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਇੱਥੇ ਆਉਣ ਵਾਲੀਆਂ ਬੱਚੀਆਂ ਦਾ ਚੰਗਾ ਪਾਲਣ-ਪੋਸ਼ਣ ਕਰਨ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸੁਚਾਰਿਤਾ ਸ਼ਰਮਾ ਨੇ ਕਿਹਾ ਕਿ ਨਾਰੀ ਨਿਕੇਤਨ ਵਿੱਚ ਆ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਅਤੇ ਬੱਚਿਆਂ ਦੀ ਚਿਹਰਿਆਂ ਦੀ ਮੁਸਕਾਨ ਦੇਖ ਕੇ ਬਹੁਤ ਚੰਗਾ ਲੱਗਾ ਹੈ। ਬੱਚਿਆਂ ਦੀ ਮੁਸਕਾਨ ਹੀ ਦੱਸਦੀ ਹੈ ਕਿ ਸੰਸਥਾ ਵਲੋਂ ਉਨ੍ਹਾਂ ਦਾ ਪਾਲਣ-ਪੋਸ਼ਣ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਲਈ ਸੰਸਥਾ ਦਾ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋਂ ਤੀਆਂ ਨਾਲ ਸੰਬੰਧਤ ਸੱਭਿਆਚਾਰਕ ਵਸਤਾਂ ਚਰਖਾ, ਪੀਂਘ, ਫੁਲਕਾਰੀ ਅਤੇ ਹੋਰ ਸਾਮਾਨ ਦੀ ਸਜਾਵਟ ਕੀਤੀ ਗਈ। ਇਸ ਮੌਕੇ ਵੰਗਾਂ ਵਾਲਾ ਵੀ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ, ਜਿਸ ਕੋਲੋਂ ਮੁਟਿਆਰਾਂ ਨੇ ਆਪੋ-ਆਪਣੀ ਪਸੰਦ ਦੀਆਂ ਵੰਗਾਂ ਖਰੀਦੀਆਂ ਤੇ ਬਾਹਾਂ ’ਚ ਸਜਾਈਆਂ। ਮਹਿਮਾਨਾਂ, ਟਰੱਸਟੀਆਂ ਤੇ ਸਟਾਫ ਮੈਂਬਰਾਂ ਨੇ ਵੀ ਬੱਚਿਆਂ ਨਾਲ ਸਾਉਣ ਦੀਆਂ ਬੋਲੀਆਂ ਪਾ ਕੇ ਗਿੱਧਾ ਪਾ ਕੇ ਖੂਬ ਮਨੋਰੰਜਨ ਕੀਤਾ। ਇਸ ਮੌਕੇ ਨਾਰੀ ਨਿਕੇਤਨ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ-ਕਢਾਈ ਸੈਂਟਰ ਵਿੱਚੋਂ ਸਿਖਲਾਈ ਪੂਰੀ ਕਰਨ ਵਾਲੀਆਂ ਸਿੱਖਿਆਰਥਾਂ ਨੂੰ ਮੁੱਖ ਮਹਿਮਾਨ ਤੇ ਹੋਰਨਾਂ ਵਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਜਨਰਲ ਸਕੱਤਰ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੌਰਾਨ ਬੱਚੀਆਂ ਵੱਲੋਂ ਪਾਏ ਗਏ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਤੇ ਹੋਰ ਸਾਮਾਨ ਇਨ੍ਹਾਂ ਸਿੱਖਿਆਰਥਣਾਂ ਵੱਲੋਂ ਹੀ ਤਿਆਰ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।