-ਰੈੱਡ ਕਰਾਸ ਭਵਨ ’ਚ

-ਰੈੱਡ ਕਰਾਸ ਭਵਨ ’ਚ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਨੇ ਕਰਵਾਇਆ ਪ੍ਰਤਿਭਾ ਸਨਮਾਨ ਸਮਾਗਮ
-ਕੈਬਨਿਟ ਮੰਤਰੀ ਮਹਿੰਦਰ ਭਗਤ, ਦੀਪਕ ਬਾਲੀ, ਡੀਸੀ ਵਰਜੀਤ ਵਾਲੀਆ ਤੇ ਸੀਪੀ ਧਨਪ੍ਰੀਤ ਕੌਰ ਨੇ ਹੋਣਹਾਰਾਂ ਦਾ ਵਧਾਇਆ ਹੌਸਲਾ
ਜਾਸ, ਜਲੰਧਰ : ਕੁਝ ਪਲ ਅਜਿਹੇ ਹੁੰਦੇ ਹਨ ਜਦੋਂ ਮਿਹਨਤ ਬੋਲਦੀ ਹੈ ਤੇ ਸੁਪਨੇ ਅੱਖਾਂ ’ਚ ਚਮਕ ਬਣ ਕੇ ਉਤਰਦੇ ਹਨ। ਸ਼ੁੱਕਰਵਾਰ ਨੂੰ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਰੈੱਡ ਕਰਾਸ ਭਵਨ ’ਚ ਕਰਵਾਇਆ ਗਿਆ ਪ੍ਰਤਿਭਾ ਸਨਮਾਨ ਸਮਾਗਮ-2026 ਅਜਿਹਾ ਹੀ ਪਲ ਬਣਿਆ। ਜਿੱਥੇ ਹਾਲ ਹੀ ’ਚ 26 ਸੀਬੀਐੱਸਈ ਸਕੂਲਾਂ ’ਚੋਂ 10ਵੀਂ ਅਤੇ 12ਵੀਂ ਕਲਾਸਾਂ ਦੇ 435 ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਵੀ ਵੱਡੀ ਗਿਣਤੀ ’ਚ ਪੁੱਜੇ। ਇਸ ਸਮਾਗਮ ’ਚ ਵਿਦਿਆਰਥੀਆਂ ਦੇ ਮਾਪੇ ਵੀ ਖਾਸ ਬਣਾਉਣ ਲਈ ਸ਼ਾਮਲ ਹੋਏ। ਹਰ ਕਿਸੇ ਦੇ ਚਿਹਰੇ 'ਤੇ ਮੈਡਲ ਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਦੀ ਚਮਕ ਸਾਫ਼ ਦਿਖਾਈ ਦਿੱਤੀ। ਸਮਾਗਮ ਦੀ ਸ਼ੁਰੂਆਤ ਡੀਸੀ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਗੁਰਿੰਦਰਜੀਤ ਕੌਰ, ਦੈਨਿਕ ਜਾਗਰਣ ਪੰਜਾਬ ਦੇ ਮਹਾਂ ਪ੍ਰਬੰਧਕ ਨੀਰਜ ਸ਼ਰਮਾ, ਦੈਨਿਕ ਜਾਗਰਣ ਪੰਜਾਬ ਤੇ ਚੰਡੀਗੜ੍ਹ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ, ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਸ਼ਮ੍ਹਾ ਰੋਸ਼ਨ ਕੀਤੀ। ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਪੰਜਾਬ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਵੀ ਸਮਾਰਮ ’ਚ ਸ਼ਿਰਕਤ ਕਰਕੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਤਾੜੀਆਂ ਦੀ ਗੂੰਜ, ਕੈਮਰਿਆਂ ਦੀ ਚਮਕ ਤੇ ਹਰ ਹੋਣਹਾਰ ਚਿਹਰੇ ’ਤੇ ਮਾਣ ਦਾ ਭਾਵ ਮੈਡਲ ਹਾਸਲ ਕਰਦਿਆਂ ਦਿਖਾਈ ਦੇ ਰਿਹਾ ਸੀ। ਜੋ ਉਨ੍ਹਾਂ ਨੂੰ ਆਉਣ ਵਾਲੇ ਕੱਲ੍ਹ ਲਈ ਵੀ ਪ੍ਰੇਰਿਤ ਕਰ ਰਿਹਾ ਸੀ। ਦੈਨਿਕ ਜਾਗਰਣ ਪੰਜਾਬ ਦੇ ਮਹਾ ਪ੍ਰਬੰਧਕ ਨੀਰਜ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹੋਣਹਾਰਾ ਵਿਦਿਆਰਥੀਆਂ ਨੂੰ ਸਨਮਾਨ ਦੇ ਕੇ ਉਨ੍ਹਾਂ ਦੇ ਹੌਸਲੇ ਨੂੰ ਵੱਖਰੀ ਉੱਚਾਈ ਦੇਣਾ ਹੀ ਇਸ ਸਮਾਗਮ ਦਾ ਮੁੱਖ ਟੀਚਾ ਹੈ।
---
ਹਾਲੇ ਤਾਂ ਉੱਚਾਈਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ : ਮਹਿੰਦਰ ਭਗਤ
ਮੁੱਖ ਮਹਿਮਾਨ ਮਹਿੰਦਰ ਭਗਤ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਨਿਸ਼ਠਾ ਤੇ ਇਮਾਨਦਾਰੀ ਨਾਲ ਤੁਸੀਂ ਸਾਰਿਆਂ ਨੇ ਮਿਹਨਤ ਕਰ ਕੇ ਇਮਤਿਹਾਨਾਂ ’ਚ ਸ਼ਾਨਦਾਰ ਅੰਕ ਹਾਸਲ ਕੀਤੇ ਹਨ, ਉਸੇ ਨਿਸ਼ਠਾ ਤੇ ਇਮਾਨਦਾਰੀ ਨਾਲ ਜੀਵਨ ’ਚ ਵੀ ਅੱਗੇ ਵਧੋ। ਦੇਸ਼ ਤੇ ਸਮਾਜ ਦੀ ਤਰੱਕੀ ’ਚ ਵੱਡਮੁੱਲਾ ਯੋਗਦਾਨ ਦਿਓ। ਇਹ ਤਾਂ ਹਾਲੇ ਪੌੜੀ ਹੈ, ਅੱਗੇ ਹੋਰ ਵੀ ਉੱਚਾਈਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਸਮਾਜ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਅੱਜ ਦੇ ਇਹ ਹੋਣਹਾਰ ਦੇਸ਼ ਦਾ ਭਵਿੱਖ ਹਨ। ਅਦਾਰਾ ਜਾਗਰਣ ਹਮੇਸ਼ਾ ਸਮਾਜਿਕ ਸਾਰੋਕਾਰਾਂ ਨਾਲ ਜੁੜਿਆ ਰਹਿੰਦਾ ਹੈ ਤੇ ਉਨ੍ਹਾਂ ਨੂੰ ਪੂਰਾ ਕਰਦਾ ਰਹਿੰਦਾ ਹੈ।
---
ਖ਼ੁਦ ’ਤੇ ਭਰੋਸਾ ਤੇ ਨਿਰੰਤਰ ਮਿਹਨਤ ਹੀ ਸਫਲਤਾ ਦਾ ਮੰਤਰ : ਡੀਸੀ ਵਰਜੀਤ ਵਾਲੀਆ
ਡੀਸੀ ਵਰਜੀਤ ਵਾਲੀਆ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਨੂੰ ਨਿਸ਼ਠਾ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਮੈਡਲ ਤੇ ਸਰਟੀਫਿਕੇਟ ਸਿਰਫ ਕਾਗਜ਼ ਤੇ ਧਾਤੂ ਨਹੀਂ, ਬਲਕਿ ਤੁਹਾਡੇ ਸਾਰੀਆਂ ਦੀ ਸਖ਼ਤ ਮਿਹਨਤ ਤੇ ਨਿਸ਼ਠਾ ਦਾ ਸਬੂਤ ਹਨ। ਇਹ ਤੁਹਾਡੀ ਉਪਲੱਬਧੀ ਦੇ ਰਸਤੇ ਖੋਲ੍ਹਣਗੇ ਤੇ ਮਿਹਨਤ ਤੇ ਇਮਾਨਦਾਰੀ ਨਾਲ ਅੱਗੇ ਵਧਣ ਦਾ ਆਤਮਵਿਸ਼ਵਾਸ ਵੀ ਦੇਣਗੇ। ਜ਼ਿੰਦਗੀ ’ਚ ਕਦੇ ਨਿਰਾਸ਼ ਨਹੀਂ ਹੋਣਾ, ਤੁਸੀਂ ਸਾਰੇ ਖ਼ੁਦ ’ਤੇ ਭਰੋਸਾ ਰੱਖੋ ਤੇ ਨਿਰੰਤਰ ਮਿਹਨਤ ਕਰਦੇ ਰਹੋ। ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਨੂੰ ਕਦੇ ਨਾ ਭੁੱਲੋ ਕਿ ਮਾਪੇ ਤੇ ਅਧਿਆਪਕ ਤੁਹਾਡੇ ਸੱਚੇ ਹਿਤੈਸ਼ੀ ਹੁੰਦੇ ਹਨ। ਉਨ੍ਹਾਂ ਦਾ ਹਮੇਸ਼ਾ ਆਦਰ ਕਰੋ। ਉਹ ਤੁਹਾਨੂੰ ਸਫਲਤਾ ਦੀਆਂ ਪੌੜੀਆਂ ਚੜ੍ਹਾ ਕੇ ਸ਼ਿਖਰ ਤੱਕ ਪਹੁੰਚਾ ਸਕਦੇ ਹਨ।
---
ਮਾਪਿਆਂ ਤੇ ਗੁਰੂ ਦਾ ਕਰਜ਼ਾ ਕਦੇ ਭੁੱਲਣਾ ਨਹੀਂ ਚਾਹੀਦਾ : ਦੀਪਕ ਬਾਲੀ
ਪੰਜਾਬ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਲਗਨ ਨਾਲ ਜੀਵਨ ’ਚ ਹੋਰ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਮਾਪਿਆਂ ਤੇ ਗੁਰੂ ਦਾ ਕਰਜ਼ਾ ਕਦੇ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਵੱਲੋਂ ਸਿਖਾਇਆ ਗਿਆ ਹਰ ਇਕ ਗੁਣ ਜੀਵਨ ’ਚ ਸਫਲਤਾ ਵੱਲ ਲੈ ਜਾਂਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਆਦਰ ਜ਼ਰੂਰ ਦੇਣਾ ਚਾਹੀਦਾ ਹੈ। ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਨੇ ਹੋਣਹਾਰ ਵਿਦਿਆਰਥੀਆਂ ਲਈ ਮੰਚ ਮੁਹੱਈਆ ਕੀਤਾ ਹੈ। ਦੇਸ਼ ਦੇ ਭਵਿੱਖ ਨੂੰ ਸੰਵਾਰਨ ਦਾ ਕੰਮ ਕੀਤਾ ਹੈ। ਦੈਨਿਕ ਜਾਗਰਣ ਸਮਾਜ ’ਚ ਚੇਤਨਾ ਤੇ ਜਾਗਰੂਕਤਾ ਦਾ ਮਾਧਿਅਮ ਬਣਿਆ ਹੈ। ਇਹ ਸਿਰਫ ਗੱਲਾਂ ਨਹੀਂ ਕਰਦੇ, ਬਲਕਿ ਉਸ ਕੰਮ ਨੂੰ ਕਰ ਕੇ ਦਿਖਾਉਂਦੇ ਹਨ। ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਦੇਣਾ ਤੇ ਉਨ੍ਹਾਂ ਲਈ ਮੰਚ ਮੁਹੱਈਆ ਕਰਨਾ ਸ਼ਲਾਘਾਯੋਗ ਕਦਮ ਹੈ।
---
ਇਸ ਪ੍ਰਤਿਭਾ ਸਨਮਾਨ ਸਮਾਗਮ ਨੂੰ ਸਫਲ ਬਣਾਉਣ ’ਚ ਐੱਮਬੀਡੀ ਗਰੁੱਪ ਦੇ ਐਕਜ਼ੀਕਿਊਟਿਵ ਡਾਇਰੈਕਟਰ ਬਲਵੰਤ ਸ਼ਰਮਾ, ਆਈਡੀਪੀ ਐਜੂਕੇਸ਼ਨ ਦੇ ਸੀਨੀਅਰ ਮੈਨੇਜਰ ਧੀਰਜ ਕੁਮਾਰ ਸਿਆਲ, ਇੰਡੀਅਨ ਬੈਂਕ ਦੇ ਜ਼ੋਨਲ ਮੈਨੇਜਰ ਕ੍ਰਿਸ਼ਨ ਕੁਮਾਰ ਦਿਵੇਦੀ, ਆਕਾਸ਼ ਇੰਸਟੀਟਿਊਟ ਦੇ ਰੀਜਨਲ ਸੇਲਜ਼ ਹੈੱਡ ਵਿਵੇਕ ਭਾਦੋਰੀਆ, ਕਾਰਗੋ ਹੋਂਡਾ ਦੇ ਬਿਜ਼ਨਸ ਹੈੱਡ ਐੱਮਵੀਐੱਲਐੱਨ ਰਾਜੂ, ਡੇਵੀਏਟ ਦੇ ਅਸਿਸਟੈਂਟ ਪ੍ਰੋਫੈਸਰ ਡਾ. ਆਨੰਦ ਬਜਾਜ ਤੇ ਮੇਘਾ ਸ਼ਰਮਾ ਦਾ ਭਰਪੂਰ ਯੋਗਦਾਨ ਰਿਹਾ।