ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਲਈ ਚੰਨੀ ਤੇ ਡਾ. ਦਾਹੀਆ ਨੇ ਮਾਰਿਆ ਅਚਨਚੇਤੀ ਛਾਪਾ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਲਈ ਚੰਨੀ ਤੇ ਡਾ. ਦਾਹੀਆ ਵੱਲੋਂ ‘ਅਚਾਨਕ ਛਾਪਾ’।
Publish Date: Sat, 08 Aug 2026 09:16 PM (IST)
Updated Date: Sat, 08 Aug 2026 09:17 PM (IST)
ਰੇਤਾਂ ਨਾਲ ਭਰੇ ਟਿੱਪਰਾਂ ਸਮੇਤ ਲਾਈਵ ਹੋ ਕੇ ਕੀਤਾ ਪਰਦਾਫਾਸ਼ ਧੀਰਜ ਮਰਵਾਹਾ/ ਅਵਤਾਰ ਰਾਣਾ, ਪੰਜਾਬੀ ਜਾਗਰਣ ਨਕੋਦਰ/ਮੱਲੀਆਂ ਕਲਾਂ : ਹਲਕਾ ਨਕੋਦਰ ਕਾਂਗਰਸ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਵੱਲੋਂ ਆਪਣੇ ਮੁੱਖ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਦਾਹੀਆ ਨੇ ਕਿਹਾ ਕਿ ਹਲਕਾ ਨਕੋਦਰ ਵਿਖੇ ਆਪ ਵਿਧਾਇਕਾਂ ਦੀ ਨੱਕ ਹੇਠ ਹੋ ਰਹੀ ਨਾਜਾਇਜ਼ ਮਾਇਨਿੰਗ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ ਜਿਸ ਦਾ ਸੱਚ ਜਾਨਣ ਅਤੇ ਸਤਲੁਜ ਦਰਿਆ ਕੰਢੇ ਲਗਾਤਾਰ ਹੋ ਰਹੀ ਨਾਜਾਇਜ਼ ਮਾਈਨਿੰਗ ਤੋਂ ਪਰਦਾ ਚੁੱਕਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹਲਕਾ ਨਕੋਦਰ ਤੋਂ ਕਾਂਗਰਸ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਮੋਟਰਸਾਈਕਲ ਕਰੀਬ ਡੇਢ ਕਿਲੋਮੀਟਰ ਪਿੱਛੇ ਛੱਡ ਕੇ ਮਾਈਨਿੰਗ ਵਾਲੀ ਥਾਂ ’ਤੇ ਪੈਦਲ ਪੁੱਜੇ ਕਿਉਕਿ ਇੱਥੇ ਮਾਈਨਿੰਗ ਮਾਫੀਆ ਨੇ ਕੋਈ ਰਾਹ ਇਹੋ ਜਿਹਾ ਨਹੀਂ ਛੱਡਿਆ ਜਿੱਥੇ ਕਾਰ ਆਦਿ ਸੁਰੱਖਿਅਤ ਤਰੀਕੇ ਨਾਲ ਪਹੁੰਚ ਸਕੇ। ਘਟਨਾ ਵਾਲੀ ਥਾਂ ’ਤੇ ਮਾਫੀਆ ਗਿਰੋਹ ਦੇ ਗੁਰਗਿਆਂ ’ਚੋਂ ਕਿਸੇ ਨੇ ਚਰਨਜੀਤ ਸਿੰਘ ਚੰਨੀ ਅਤੇ ਡਾ. ਦਾਹੀਆ ਨੂੰ ਮੋਟਰਸਾਈਕਲ ’ਤੇ ਜਾਂਦਿਆਂ ਪਛਾਣ ਲਿਆ ਅਤੇ ਇਸ ਦੀ ਸੂਚਨਾ ਤੁਰੰਤ ਅੱਗੇ ਮਾਈਨਿੰਗ ਕਰਦੇ ਗੁਰਗਿਆਂ ਨੂੰ ਦਿੱਤੀ, ਜਿਸ ਦੌਰਾਨ ਤੁਰੰਤ ਹਫੜਾ-ਦਫੜੀ ’ਚ ਮਾਈਨਿੰਗ ਦਾ ਕੰਮ ਰੋਕਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਲਾਈਵ ਹੋ ਕੇ ਸਾਰਾ ਮਾਜਰਾ ਜਨਤਕ ਕੀਤਾ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕੇ ਦੇ ਕਾਫੀ ਲੋਕ ਵੀ ਇਕੱਠੇ ਹੋ ਗਏ। ਮਾਈਨਿੰਗ ਮਾਫੀਆ ਗਿਰੋਹ ਵੱਲੋਂ ਡਰ ਕਾਰਨ ਰੇਤਾ ਦੇ ਭਰੇ ਹੋਏ ਟਿੱਪਰ ਖਾਲੀ ਕੀਤੇ ਗਏ। ਮਾਈਨਿੰਗ ਵਾਲੀ ਥਾਂ ’ਤੇ ਜਾਣ ਲਈ ਕਾਂਗਰਸੀ ਵਰਕਰਾਂ ਨੂੰ ਰੋਕਿਆ ਗਿਆ। ਇਸ ਦੌਰਾਨ ‘ਆਪ’ ਆਗੂਆਂ ਨੇ ਦੂਜੇ ਦਿਨ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਕੀਤੇ ਝੂਠ ’ਤੇ ਪੋਚਾ ਪਾਉਣਾ ਚਾਹਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉੱਥੇ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਸੀ, ਚੰਨੀ ਸਿਰਫ ਫੋਕੀ ਸ਼ੋਹਰਤ ਹਾਸਲ ਕਰਨ ਲਈ ਉੱਥੇ ਪਹੁੰਚ ਕੇ ਲਾਈਵ ਹੋਏ ਹਨ। ਇਸ ਦੌਰਾਨ ਮੌਕੇ ਦੀਆਂ ਫੋਟੋਆਂ ਵੀ ਲਈਆਂ ਗਈਆਂ ਹਨ, ਜੋ ਕਿ ਜਨਤਕ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਿਸ ’ਤੇ ਪਰਚਾ ਦਰਜ ਕੀਤਾ ਗਿਆ, ਉਸ ਦਾ ਕਹਿਣਾ ਹੈ ਕਿ ਉਸ ਨੇ ਮਿੱਟੀ ਚੁੱਕਣ ਲਈ ਪੋਕਲੈਨ ਮਸ਼ੀਨ ਦੇ ਸਰਕਾਰ ਨੂੰ ਪੈਸੇ ਜਮ੍ਹਾਂ ਕਰਵਾਏ ਹੋਏ ਹਨ ਅਤੇ ਇਹ ਮਸ਼ੀਨ ਵੀ ਮਾਈਨਿੰਗ ਵਾਲੀ ਥਾਂ ਤੋਂ 5-7 ਕਿਲੋਮੀਟਰ ਪਹਿਲਾਂ ਹੀ ਖੇਤਾਂ ਵਿੱਚ ਕਰੀਬ ਇੱਕ ਮਹੀਨੇ ਤੋਂ ਖਰਾਬ ਖੜ੍ਹੀ ਹੋਈ ਹੈ, ਜਿਸ ਦੀ ਰਿਪੇਅਰ ਲਈ ਮੰਗਵਾਏ ਗਏ ਪਾਰਟਸ ਦੀ ਰਸੀਦ ਸਾਡੇ ਕੋਲ ਪਈ ਹੈ। ਇਸ ਦੇ ਬਾਵਜੂਦ ‘ਅਣਜਾਣ ਵਿਅਕਤੀ’ ਖਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ, ਜੋ ਕਿ ਵਿਧਾਇਕਾ ਬੀਬੀ ਦੇ ਇਸ਼ਾਰੇ ’ਤੇ ਕੀਤੇ ਗਏ ਪਰਚੇ ਨੂੰ ਮੂੰਹ ਚੜ੍ਹਾਉਦਾ ਹੈ। ਦੂਜੇ ਪਾਸੇ ਵਿਧਾਇਕਾ ਬੀਬੀ ਨੇ ਕਿਹਾ ਹੈ ਕਿ ਨਕੋਦਰ ਹਲਕੇ ਦੇ 160 ਪਿੰਡਾਂ ਅਤੇ 3 ਕਸਬਿਆਂ ’ਚ ਪੁਲਿਸ ਮੁਸਤੈਦ ਹੈ ਜਦਕਿ ਇਸ ਦੇ ਉਲਟ ਦੂਸਰੀ ਤਸਵੀਰ ਇਹ ਹੈ ਕਿ ਪੁਲਿਸ ਇਨ੍ਹਾਂ ਪਿੰਡਾਂ ਅਤੇ ਕਸਬਿਆਂ ’ਚ ਘੁੰਮਦੇ ਵੱਡੀ ਗਿਣਤੀ ’ਚ ‘ਚਿੱਟੇ ਸੋਨੇ’ ਨਾਲ ਲੱਦੇ ਟਿੱਪਰਾਂ ਨੂੰ ਨਹੀਂ ਦੇਖ ਸਕੀ ਤਾਂ ਨਸ਼ੇ ਦੀ ਪੁੜੀ ਨੂੰ ਕਿਵੇਂ ਦੇਖ ਸਕਦੀ ਹੈ? ਜੇਕਰ ਬੀਬੀ ਜੀ ਇਹ ਕਹਿੰਦੇ ਹਨ ਕਿ ਇਲਾਕੇ ’ਚ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਤਾਂ ਪਿਛਲੇ ਦਿਨੀਂ ਟਿੱਪਰ ਹੇਠ ਆ ਕੇ ਹੋਈ ਮੌਤ ਇਸ ਗੱਲ ਦੀ ਚੀਕ-ਚੀਕ ਕੇ ਗਵਾਹੀ ਭਰਦੀ ਹੈ ਕਿ ਵੱਡੇ ਪੱਧਰ ’ਤੇ ਇੱਥੇ ਮਾਈਨਿੰਗ ਮਾਫੀਆ ਸਰਗਰਮ ਹੈ। ਚਰਨਜੀਤ ਸਿੰਘ ਚੰਨੀ ਅਤੇ ਡਾ. ਨਵਜੋਤ ਸਿੰਘ ਦਾਹੀਆ ਨੇ ਵਿਧਾਇਕਾ ਬੀਬੀ ਨੂੰ ਚੈਲੰਜ ਕੀਤਾ ਕਿ ਜੇਕਰ ਬੀਬੀ ਜੀ ਦਾਅਵਾ ਕਰਦੇ ਹਨ ਕਿ ਇਲਾਕੇ ’ਚ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਤਾਂ ਪੰਜ ਦਿਨਾਂ ਅੰਦਰ ਬੂਥ ਲੈਵਲ ’ਤੇ ਦੋ-ਦੋ, ਚਾਰ-ਚਾਰ ਵਰਕਰ ਦੋਹਾਂ ਪਾਰਟੀਆਂ ਦੇ ਲੈ ਕੇ ਮਾਈਨਿੰਗ ਵਾਲੀ ਥਾਂ ਦਾ ਦੌਰਾ ਅਸੀਂ ਕਰਵਾਉਦੇ ਹਾਂ। ਹਲਕੇ ਦੇ ਲੋਕਾਂ ਤੋਂ ਸੱਚ-ਝੂਠ ਦਾ ਪਰਦਾ ਆਪਣੇ ਆਪ ਹੀ ਚੁੱਕਿਆ ਜਾਵੇਗਾ ਤਾਂ ਹੀ ਪਤਾ ਲੱਗ ਸਕੇਗਾ ਕਿ ਝੂਠ ਦੀ ਰਾਜਨੀਤੀ ਕੌਣ ਕਰ ਰਿਹਾ ਹੈ ਤੇ ਫੋਕੀ ਸ਼ੋਹਰਤ ਹਾਸਲ ਕਰਨ ਲਈ ਝੂਠ ਦਾ ਨਕਾਬ ਕਿਸ ਨੇ ਪਾਇਆ ਹੈ ਅਤੇ ਚੰਨੀ ਨੂੰ ਬਦਨਾਮ ਕਰਨ ਲਈ ਹੋਸ਼ੀ ਰਾਜਨੀਤੀ ਕੌਣ ਕਰ ਰਿਹਾ ਹੈ। ਇਸ ਪ੍ਰੈੱਸ ਕਾਨਫਰੰਸ ਮੌਕੇ ਡਾ. ਦਾਹੀਆ ਦੇ ਨਾਲ ਬਲਾਕ ਪ੍ਰਧਾਨ ਤਰਲੋਚਨ ਸਿੰਘ ਸੰਘਾ, ਮੁਖਤਿਆਰ ਸਿੰਘ ਹੇਅਰ, ਹੈਪੀ ਸੰਧੂ, ਸੁਖਜਿੰਦਰ ਸਿੰਘ ਮੁਧ ਤੇ ਹੋਰ ਕਾਂਗਰਸ ਆਗੂ ਹਾਜ਼ਰ ਸਨ।