- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁੜੀਆਂ ਨਾਲ ਦੋਸਤੀ ਦਾ ਝਾਂਸਾ ਦੇ ਕੇ 12 ਲੱਖ ਦੀ ਸਾਇਬਰ ਠੱਗੀ, ਮਾਡਲ ਟਾਊਨ ਦਾ ਕਾਰੋਬਾਰੀ ਬਣਿਆ ਸ਼ਿਕਾਰ

-ਫਰਜ਼ੀ ਵੈੱਬਸਾਈਟਾਂ ਤੇ ਸੋਸ਼ਲ ਮੀਡੀਆ ਪ੍ਰੋਫ਼ਾਈਲਾਂ ਰਾਹੀਂ ਵਿਛਾਇਆ ਜਾ ਰਿਹਾ ਜਾਲ
-ਦੋਸਤੀ ਤੇ ਡੇਟ ਦੇ ਨਾਂ ’ਤੇ ਖਾਤੇ ਖਾਲੀ, ਕਈ ਮਾਮਲਿਆਂ ’ਚ ਬਲੈਕਮੇਲਿੰਗ ਵੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਮਾਡਲ ਟਾਊਨ ਇਲਾਕੇ ’ਚ ਇਕ ਕਾਰੋਬਾਰੀ ਇੰਟਰਨੈੱਟ ’ਤੇ ਕੁੜੀਆਂ ਨਾਲ ਦੋਸਤੀ ਤੇ ਡੇਟ ’ਤੇ ਮਿਲਣ ਦੇ ਲਾਲਚ ’ਚ ਆ ਕੇ ਦੱਸੇ ਗਏ ਲਿੰਕ ’ਤੇ ਕਲਿੱਕ ਕਰ ਬੈਠਾ। ਲਿੰਕ ਖੋਲ੍ਹਦੇ ਹੀ ਉਸਦਾ ਮੋਬਾਈਲ ਤੇ ਬੈਂਕਿੰਗ ਵੇਰਵਾ ਹੈਕ ਹੋ ਗਿਆ ਤੇ ਕੁਝ ਹੀ ਸਮੇਂ ’ਚ ਉਸਦੇ ਬੈਂਕ ਖਾਤੇ ’ਚੋਂ ਕਰੀਬ 12 ਲੱਖ ਰੁਪਏ ਨਿਕਲ ਗਏ। ਜਦੋਂ ਤੱਕ ਕਾਰੋਬਾਰੀ ਨੂੰ ਠੱਗੀ ਦਾ ਅਹਿਸਾਸ ਹੋਇਆ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਮਾਮਲੇ ਦੀ ਸ਼ਿਕਾਇਤ ਸਾਈਬਰ ਕਰਾਈਮ ਸੈੱਲ ਨੂੰ ਦਿੱਤੀ ਗਈ ਹੈ ਤੇ ਪੁਲਿਸ ਜਾਂਚ ’ਚ ਜੁਟੀ ਹੋਈ ਹੈ। ਘਟਨਾ ਦਾ ਅਸਰ ਇਥੇ ਹੀ ਨਹੀਂ ਰੁਕਿਆ, ਘਰ ’ਚ ਪਤਾ ਲੱਗਣ ਤੋਂ ਬਾਅਦ ਉਸਦੀ ਸ਼ਾਦੀ ਵੀ ਟੁੱਟਣ ਦੇ ਕੰਢੇ ਪਹੁੰਚ ਗਈ ਹੈ। ਪੁਲਿਸ ਰਿਕਾਰਡ ਮੁਤਾਬਕ ਇਹ ਕੋਈ ਇਕੱਲਾ ਮਾਮਲਾ ਨਹੀਂ। ਸ਼ਹਿਰ ’ਚ ਲਗਾਤਾਰ ਅਜਿਹੇ ਕੇਸ ਸਾਹਮਣੇ ਆ ਰਹੇ ਹਨ ਜਿੱਥੇ ਸਾਈਬਰ ਠੱਗ ਫਰਜ਼ੀ ਵੈੱਬਸਾਈਟਾਂ, ਡੇਟਿੰਗ ਐਪਾਂ ਤੇ ਸੋਸ਼ਲ ਮੀਡੀਆ ਪ੍ਰੋਫ਼ਾਈਲਾਂ ਰਾਹੀਂ ਲੋਕਾਂ ਨੂੰ ਫਸਾ ਰਹੇ ਹਨ। ਸ਼ਰਮ ਜਾਂ ਡਰ ਕਾਰਨ ਕਈ ਪੀੜਤ ਸ਼ਿਕਾਇਤ ਵੀ ਦਰਜ ਨਹੀਂ ਕਰਵਾਉਂਦੇ। ਪਹਿਲਾਂ ਦੋਸਤੀ ਕਰਦੇ ਹਨ, ਫਿਰ ਭਰੋਸਾ ਜਿੱਤਦੇ ਹਨ ਤੇ ਬਾਅਦ ’ਚ ਪੈਸਿਆਂ ਦੀ ਮੰਗ ਕਰਦੇ ਹਨ।
-----------------------
ਅਜਿਹਾ ਰਚਿਆ ਗਿਆ ਠੱਗੀ ਦਾ ਖੇਡ
ਜਾਣਕਾਰੀ ਮੁਤਾਬਕ ਕਾਰੋਬਾਰੀ ਦੇ ਮੋਬਾਈਲ ’ਤੇ ਸੋਸ਼ਲ ਮੀਡੀਆ ’ਤੇ ਇਕ ਇਸ਼ਤਿਹਾਰ ਆਇਆ ਜਿਸ ’ਚ ਕੁੜੀਆਂ ਨਾਲ ਦੋਸਤੀ ਤੇ ਡੇਟ ਦਾ ਪ੍ਰਚਾਰ ਸੀ। ਅੱਗੇ ਜਾਣ ’ਤੇ ਇਕ ਕੁੜੀ ਦੀ ਫ੍ਰੈਂਡ ਰਿਕਵੈਸਟ ਤੇ ਉਸਦੀ ਫੋਟੋ ਦਿਖਾਈ ਗਈ। ਕਿਹਾ ਗਿਆ ਕਿ ਜੇ ਡੇਟ ਕਰਨੀ ਹੈ ਤਾਂ ਲਿੰਕ ’ਤੇ ਕਲਿੱਕ ਕਰੋ। ਕੁੜੀ ਨੂੰ ਮਾਡਲਿੰਗ ਨਾਲ ਜੁੜਿਆ ਦੱਸਿਆ ਗਿਆ ਤੇ ਮਿਲਣ ਦੀ ਇੱਛਾ ਜਤਾਈ ਗਈ। ਡੇਟ ਫਿਕਸ ਕਰਨ ਲਈ ਰਜਿਸਟ੍ਰੇਸ਼ਨ ਲਾਜ਼ਮੀ ਦੱਸਿਆ ਗਿਆ। ਜਿਵੇਂ ਹੀ ਕਾਰੋਬਾਰੀ ਨੇ ਲਿੰਕ ਖੋਲ੍ਹ ਕੇ ਆਪਣੀ ਜਾਣਕਾਰੀ ਭਰੀ, ਉਸਦੇ ਖਾਤੇ ’ਚੋਂ ਪੈਸੇ ਨਿਕਲਣ ਲੱਗ ਪਏ।
-------------------------
ਜਲੰਧਰ ’ਚ ਪਹਿਲਾਂ ਵੀ ਆ ਚੁੱਕੇ ਹਨ ਕਈ ਮਾਮਲੇ
ਕੇਸ 1: ਹੋਟਲ ਬੁਕਿੰਗ ਦੇ ਨਾਮ ’ਤੇ 3 ਲੱਖ ਦੀ ਠੱਗੀ
ਬਸਤੀ ਇਲਾਕੇ ਦੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਕੁੜੀ ਨਾਲ ਦੋਸਤੀ ਦਾ ਮੈਸੇਜ ਵੇਖ ਕੇ ਚੈਟ ਸ਼ੁਰੂ ਕਰ ਦਿੱਤੀ। ਮਿਲਣ ਲਈ ਹੋਟਲ ਬੁਕਿੰਗ ਦੇ ਲਿੰਕ ’ਤੇ ਕਲਿੱਕ ਕਰਦੇ ਹੀ ਕਰੀਬ 70 ਹਜ਼ਾਰ ਰੁਪਏ ਉੱਡ ਗਏ ਤੇ ਕੁੜੀ ਦਾ ਕੋਈ ਪਤਾ ਨਹੀਂ ਲੱਗਾ।
ਕੇਸ 2: ਵਿਦੇਸ਼ੀ ਕੁੜੀ ਨਾਲ ਦੋਸਤੀ, 7 ਲੱਖ ਦੀ ਠੱਗੀ
ਫੁਟਬਾਲ ਚੌਕ ਨੇੜੇ ਰਹਿੰਦੇ ਕਰੀਬ 60 ਸਾਲਾ ਵਿਅਕਤੀ ਨੂੰ ਇੰਸਟਾਗ੍ਰਾਮ ’ਤੇ ਲੰਡਨ ਰਹਿੰਦੀ ਇਕ ਔਰਤ ਦਾ ਮੈਸੇਜ ਆਇਆ। ਕਸਟਮ ਡਿਊਟੀ ਤੇ ਕਲੀਅਰੈਂਸ ਫੀਸ ਦੇ ਨਾਮ ’ਤੇ 7 ਲੱਖ ਰੁਪਏ ਲੈ ਲਏ ਗਏ ਤੇ ਬਾਅਦ ’ਚ ਪ੍ਰੋਫ਼ਾਈਲ ਗਾਇਬ ਹੋ ਗਈ।
ਕੇਸ 3: ਡੇਟਿੰਗ ਐਪ ਰਜਿਸਟ੍ਰੇਸ਼ਨ ਲਿੰਕ ਨਾਲ 2.5 ਲੱਖ ਦਾ ਨੁਕਸਾਨ
ਵਡਾਲਾ ਚੌਕ ਨੇੜੇ ਰਹਿੰਦੇ ਇਕ ਕਰਮਚਾਰੀ ਨੇ ਡੇਟਿੰਗ ਐਪ ਦੀ ਪ੍ਰੀਮੀਅਮ ਮੈਂਬਰਸ਼ਿਪ ਲਈ ਲਿੰਕ ਖੋਲ੍ਹਿਆ ਤੇ ਖਾਤੇ ’ਚੋਂ 2.5 ਲੱਖ ਰੁਪਏ ਨਿਕਲ ਗਏ।
----------------------
ਕਿਉਂ ਵੱਧ ਰਹੇ ਹਨ ਅਜਿਹੇ ਮਾਮਲੇ?
ਸਾਈਬਰ ਮਾਹਿਰ ਪਲਵਿੰਦਰ ਸਿੰਘ ਮੁਤਾਬਕ ਠੱਗ ਮਨੋਵਿਗਿਆਨਕ ਤਰੀਕੇ ਵਰਤਦੇ ਹਨ। ਦੋਸਤੀ, ਪਿਆਰ ਜਾਂ ਗੁਪਤ ਸਬੰਧਾਂ ’ਚ ਲੋਕ ਛੇਤੀ ਭਾਵਨਾਤਮਕ ਫੈਸਲੇ ਕਰ ਲੈਂਦੇ ਹਨ। ਠੱਗ ਪਹਿਲਾਂ ਭਰੋਸਾ ਬਣਾਉਂਦੇ ਹਨ ਤੇ ਫਿਰ ਆਰਥਿਕ ਨੁਕਸਾਨ ਪਹੁੰਚਾਉਂਦੇ ਹਨ। ਅਜਿਹੇ ਲਿੰਕਾਂ ’ਚ ਫਿਸ਼ਿੰਗ ਜਾਂ ਮੈਲਵੇਅਰ ਹੁੰਦਾ ਹੈ ਜੋ ਬੈਂਕਿੰਗ ਡਿਟੇਲ, ਓਟੀਪੀ ਤੇ ਪਾਸਵਰਡ ਤੱਕ ਪਹੁੰਚ ਕਰ ਲੈਂਦਾ ਹੈ।
--------------------------
ਸਾਈਬਰ ਠੱਗੀ ਤੋਂ ਕਿਵੇਂ ਬਚੀਏ?
1. ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ।
2. ਬੈਂਕਿੰਗ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
3. ਅਣਪਛਾਤੇ ਵਿਅਕਤੀ ਨਾਲ ਵੀਡੀਓ ਕਾਲ ’ਚ ਸਾਵਧਾਨ ਰਹੋ।
4. ਪ੍ਰੋਫ਼ਾਈਲ ਦੀ ਜਾਂਚ ਕਰੋ।
5. ਠੱਗੀ ਹੋਣ ’ਤੇ ਤੁਰੰਤ 1930 ਹੈਲਪਲਾਈਨ ਜਾਂ ਸਾਈਬਰ ਕ੍ਰਾਈਮ ਪੋਰਟਲ ’ਤੇ ਸ਼ਿਕਾਇਤ ਕਰੋ।
6. ਪਰਿਵਾਰ ਤੋਂ ਗੱਲ ਨਾ ਛੁਪਾਓ।
------------------------
ਡੇਟਿੰਗ ਦੇ ਨਾਮ ’ਤੇ ਬਲੈਕਮੇਲਿੰਗ
ਸਾਈਬਰ ਠੱਗ ਪਹਿਲਾਂ ਕੁੜੀ ਬਣ ਕੇ ਸੰਪਰਕ ਕਰਦੇ ਹਨ, ਲੰਮੀ ਚੈਟ ਕਰਕੇ ਭਰੋਸਾ ਜਿੱਤਦੇ ਹਨ, ਫਿਰ ਰਜਿਸਟ੍ਰੇਸ਼ਨ ਫੀਸ, ਗਿਫਟ, ਹੋਟਲ ਬੁਕਿੰਗ ਜਾਂ ਸਿਕਿਊਰਿਟੀ ਚਾਰਜ ਦੇ ਨਾਮ ’ਤੇ ਪੈਸੇ ਮੰਗਦੇ ਹਨ। ਕਈ ਵਾਰ ਵੀਡੀਓ ਕਾਲ ਰਿਕਾਰਡ ਕਰਕੇ ਬਦਨਾਮੀ ਦਾ ਡਰ ਦਿਖਾ ਕੇ ਵਾਰ-ਵਾਰ ਪੈਸੇ ਵਸੂਲਦੇ ਹਨ। ਸ਼ਰਮ ਕਾਰਨ ਕਈ ਪੀੜਤ ਸ਼ਿਕਾਇਤ ਨਹੀਂ ਕਰਦੇ ਤੇ ਠੱਗ ਹੋਰ ਮਜ਼ਬੂਤ ਹੋ ਜਾਂਦੇ ਹਨ।
----------------------
ਆਨਲਾਈਨ ਦੋਸਤੀ ਤੇ ਡੇਟਿੰਗ ਮਾਮਲਿਆਂ ’ਚ ਸਾਵਧਾਨ ਰਹੋ। ਲਾਲਚ ਜਾਂ ਭਾਵਨਾਵਾਂ ’ਚ ਆ ਕੇ ਕੋਈ ਵੀ ਆਰਥਿਕ ਲੈਣ-ਦੇਣ ਨਾ ਕਰੋ। ਕੋਈ ਵੀ ਸ਼ੱਕੀ ਗਤੀਵਿਧੀ ਵੇਖਦੇ ਹੀ ਤੁਰੰਤ ਸਾਇਬਰ ਸੈੱਲ ਨੂੰ ਸੂਚਿਤ ਕਰੋ। ਥੋੜ੍ਹੀ ਜਿਹੀ ਲਾਪਰਵਾਹੀ ਵੱਡਾ ਨੁਕਸਾਨ ਕਰ ਸਕਦੀ ਹੈ।
-ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ