- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਵਰ੍ਹੇ ਦੀਆਂ ਸਰਗਰਮੀਆਂ ਉਲੀਕਣ ਬਾਰੇ ਸਭਿਆਚਾਰਕ ਵਿੰਗ ਦੀ ਵਿਚਾਰ-ਚਰਚਾ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਤੇ ਸਭਿਆਚਾਰਕ ਵਿੰਗ ਦੇ ਨਾਲ਼ ਜੁੜੇ ਤੇ ਵੱਖ-ਵੱਖ ਮੇਲਾ ਪ੍ਰਬੰਧਕੀ ਕਮੇਟੀਆਂ ਤੇ ਸਮੇਂ-ਸਮੇਂ ਦੀਆਂ ਸਰਗਰਮੀਆਂ ’ਚ ਸਹਿਯੋਗੀ ਮੋਢਾ ਲਾਉਣ ਵਾਲੇ ਸਾਹਿਤ/ਸੱਭਿਆਚਾਰ ਤੇ ਕਲਾ ਜਗਤ ਨਾਲ਼ ਜੁੜੇ ਕਾਮਿਆਂ ਦੀ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ। ਇਸ ਮੀਟਿੰਗ 'ਚ ਹਾਜ਼ਰ ਮੈਂਬਰਾਂ ਨੇ ਬਹੁਤ ਹੀ ਅਮੁੱਲੇ ਵਿਚਾਰ ਤੇ ਸੁਝਾਅ ਸਾਂਝੇ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਨਿਰਧਾਰਤ ਮਾਰਗ ਸੇਧ ਦੀ ਰੌਸ਼ਨੀ ’ਚ ਇਸ ਵਰ੍ਹੇ ਦੀਆਂ ਸਰਗਰਮੀਆਂ ਦਾ ਕੈਲੰਡਰ ਤਿਆਰ ਕਰਨ ਦਾ ਖ਼ਾਕਾ ਸਰਬ ਸੰਮਤੀ ਨਾਲ ਤਿਆਰ ਕੀਤਾ।
ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਵੇਂ ਵਰ੍ਹੇ ਦੀਆਂ ਸਰਗਰਮੀਆਂ ਦੇ ਖਾਕੇ ਉਪਰ ਰੌਸ਼ਨੀ ਪਾਈ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਭ ਨੂੰ ਜੀ ਆਇਆਂ ਤੇ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦਿੰਦਿਆਂ ਸਭਿਆਚਾਰਕ ਸਰਗਰਮੀਆਂ ਲਈ ਨਵੀਆਂ ਪੁਲਾਂਘਾਂ ਭਰਨ ਦਾ ਸੱਦਾ ਦਿੱਤਾ। ਇਹ ਵਿਚਾਰਿਆ ਗਿਆ ਕਿ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹਰ ਮਹੀਨੇ ਵੱਖ-ਵੱਖ ਵਿਧਾਵਾਂ ’ਚ ਨਿਰੰਤਰ ਸਰਗਰਮੀਆਂ ਨੂੰ ਅੰਜ਼ਾਮ ਦਿੱਤਾ ਜਾਏਗਾ। ਇਨ੍ਹਾਂ ’ਚ ਭਖ਼ਵੇਂ ਮੁੱਦਿਆਂ ਤੇ ਵਿਚਾਰ-ਚਰਚਾ, ਸਖ਼ਸ਼ੀਅਤਾਂ ਨਾਲ ਰੂਬਰੂ, ਪੁਸਤਕ ਪੜਚੋਲ ਤੇ ਜਾਣ-ਪਹਿਚਾਣ, ਰੰਗ ਮੰਚ, ਗੀਤ ਸੰਗੀਤ, ਚਿੱਤਰ/ਫੋਟੋ ਕਲਾ, ਫ਼ਿਲਮ ਸ਼ੋਅ, ਵੰਨ-ਸੁਵੰਨੀਆਂ ਕਲਾ ਵਰਕਸ਼ਾਪਾਂ, ਨਵੀਂ ਪਨੀਰੀ ਤੇ ਚੜ੍ਹਦੀ ਜੁਆਨੀ ਨੂੰ ਦੇਸ਼ ਭਗਤ, ਵਿਗਿਆਨਕ, ਜਮਹੂਰੀ ਦ੍ਰਿਸ਼ਟੀ ਤੋਂ ਆਪਣੇ ਮਾਣਮੱਤੇ ਇਤਿਹਾਸ ਤੇ ਵਿਰਾਸਤ ਨਾਲ ਜੋੜਨ, ਉਸਨੂੰ ਅਪਨਾਉਣ ਤੇ ਗ਼ਦਰ ਲਹਿਰ ਦੇ ਸਿਰਜਕਾਂ ਦੇ ਸੁਪਨੇ ਸਾਕਾਰ ਕਰਨ ਲਈ ਆਪਣਾ ਯੋਗਦਾਨ ਪਾਉਣ ਵਾਸਤੇ ਤਿਆਰ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਹ ਸਰਬ ਸਾਂਝਾ ਵਿਚਾਰ ਵੀ ਬਣਿਆਂ ਕਿ 24 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਟਰੱਸਟ ਦੀ ਮੀਟਿੰਗ ’ਚ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ (1926-2026) ਮਨਾਉਣ ਦੇ ਸਮਾਗਮਾਂ ’ਚ ਸੱਭਿਆਚਾਰਕ ਵਿੰਗ ਨਾਲ ਜੁੜੇ ਕਾਮੇ ਹਰ ਸੰਭਵ ਢੰਗ ਨਾਲ ਸਾਲ ਭਰ ਦੀ ਮੁਹਿੰਮ ਨੂੰ ਸਫ਼ਲ ਕਰਨ ਲਈ ਆਪਣਾ ਭਰਵਾਂ ਯੋਗਦਾਨ ਪਾਉਣਗੇ ਤੇ ਇਸ ਸਬੰਧੀ ਫਰਵਰੀ ਵਿੱਚ ਹੋਣ ਵਾਲੇ ਵਿਸ਼ੇਸ਼ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ। ਮੀਟਿੰਗ 'ਚ ਇਹ ਵਿਚਾਰ ਵੀ ਬਣਿਆਂ ਕਿ 8 ਮਾਰਚ ਕੌਮਾਂਤਰੀ ਔਰਤ ਦਿਹਾੜਾ, 27 ਮਾਰਚ ਵਿਸ਼ਵ ਰੰਗ ਮੰਚ ਦਿਹਾੜਾ ਤੇ 21 ਅਪ੍ਰੈਲ ਗ਼ਦਰ ਪਾਰਟੀ ਸਥਾਪਨਾ ਦਿਹਾੜਾ ਸਮਾਗਮ ਪ੍ਰਭਾਵਸ਼ਾਲੀ ਅੰਦਾਜ਼ ’ਚ ਮਨਾਉਣ ਲਈ ਸਾਹਿਤ ਤੇ ਕਲਾ ਖੇਤਰ ’ਚ ਸਰਗਰਮ ਸਮੂਹ ਸੰਸਥਾਵਾਂ ਤੇ ਵਿਅਕਤੀਆਂ ਦਾ ਸਹਿਯੋਗ ਲਿਆ ਜਾਏਗਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਬੱਬਰ ਅਕਾਲੀ ਤੇ ਗ਼ਦਰ ਲਹਿਰ ਦੇ ਇਤਿਹਾਸ, ਨਾਇਕਾਂ, ਨਾਇਕਾਵਾਂ ਨਾਲ ਜੁੜੇ ਪਿੰਡਾਂ ਦੇ ਨੁਮਾਇੰਦਿਆਂ ਦੀ ਦੇਸ਼ ਭਗਤ ਯਾਦਗਾਰ ਹਾਲ 'ਚ ਵਿਸ਼ੇਸ਼ ਸਾਂਝੀ ਮੀਟਿੰਗ ਕੀਤੀ ਜਾਏਗੀ ਤਾਂ ਜੋ ਗ਼ਦਰੀ ਬਾਬਿਆਂ ਦੇ ਮੇਲੇ ਦੇ ਮੁਹਾਂਦਰੇ ਨੂੰ ਵਿਸ਼ੇਸ਼ ਤੌਰ 'ਤੇ ਜਨਤਕ ਰੂਪ ਦੀ ਨੁਹਾਰ ਨਾਲ ਸਜਾਇਆ ਜਾ ਸਕੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ ਨੇ ਵਿਚਾਰ-ਚਰਚਾ ਦਾ ਸਾਰ ਤੱਤ ਸਾਂਝਾ ਕਰਦਿਆਂ ਕਿਹਾ ਕਿ ਨਵੇਂ ਵਰ੍ਹੇ ਦੀ ਨਵੇਂ ਅਕੀਦਿਆਂ ਨਾਲ ਸ਼ੁਰੂਆਤ ਕਰ ਰਿਹਾ ਦੇਸ਼ ਭਗਤ ਯਾਦਗਾਰ ਹਾਲ ਲੋਕਾਂ ਦੀਆਂ ਉਮੀਦਾਂ 'ਤੇ ਖੇੜਾ ਲਿਆਏਗਾ।
ਮੀਟਿੰਗ 'ਚ ਕਮੇਟੀ ਦੇ ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਹਰਵਿੰਦਰ ਭੰਡਾਲ, ਰਣਜੀਤ ਸਿੰਘ ਔਲਖ, ਵਿਜੈ ਬੰਬੇਲੀ, ਹਰਮੇਸ਼ ਮਾਲੜੀ, ਡਾ. ਤੇਜਿੰਦਰ ਵਿਰਲੀ, ਡਾ. ਸੈਲੇਸ਼ ਵੀ ਹਾਜ਼ਰ ਸਨ। ਹਾਜ਼ਰ ਸਮੂਹ ਕਮੇਟੀ ਮੈਂਬਰਾਂ ਸਮੇਤ ਸੁਖਦੇਵ ਸਿੰਘ ਫਗਵਾੜਾ, ਬੂਟਾ ਸਿੰਘ ਮਹਿਮੂਦਪੁਰ, ਕੇਸਰ ਸਿੰਘ, ਮਨਦੀਪ ਮਹਿਰਮ, ਮਨਪ੍ਰੀਤ ਮਹਿਰਮ, ਐੱਸਪੀ ਸਿੰਘ, ਡਾ. ਹਰਜੀਤ ਸਿੰਘ ਨੇ ਵਿਚਾਰ ਰੱਖੇ। ਮੀਟਿੰਗ ਦਾ ਆਗਾਜ਼ ਬਾਬਾ ਸੋਹਣ ਸਿੰਘ ਭਕਨਾ, ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ, ਕਾਕੋਰੀ ਕਾਂਡ, ਬੁੱਧੀਮਾਨ ਗਿਆਨ ਰੰਜਨ, ਐਡਵੋਕੇਟ ਦਿਲਜੋਤ ਕੌਰ ਲੁਧਿਆਣਾ, ਵਿਨੋਦ ਕੁਮਾਰ ਸ਼ੁਕਲਾ ਤੇ ਹਰਬੰਸ ਸਿੰਘ ਅਕਸ਼ ਨੂੰ ਸ਼ਰਧਾਂਜ਼ਲੀ ਦੇਣ ਨਾਲ ਹੋਇਆ।