
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਸੀਟੀ ਗਰੁੱਪ, ਗੂੰਜਿਆ ‘ਰਾਸ਼ਟਰ ਪਹਿਲਾਂ’ ਦਾ ਸੰਦੇਸ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਜਲੰਧਰ
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਤੇ ਮਕਸੂਦਾਂ ਕੈਂਪਸ, ਸੀਟੀ ਪਬਲਿਕ ਸਕੂਲ ਤੇ ਸੀਟੀ ਵਰਲਡ ਸਕੂਲ ’ਚ ਆਜ਼ਾਦੀ ਦਿਵਸ ਮਨਾਇਆ ਗਿਆ। ‘ਹਰ ਘਰ ਤਿਰੰਗਾ’ ਮੁਹਿੰਮ ਤੇ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਵਿਦਿਆਰਥੀਆਂ, ਐੱਨਸੀਸੀ ਕੈਡਿਟਾਂ, ਅਧਿਆਪਕਾਂ ਤੇ ਸਟਾਫ ਨੇ ਆਜ਼ਾਦੀ ਘੁਲਾਟੀਆਂ ਵੱਲੋ ਦਿੱਤੀ ਕੁਰਬਾਨੀ ਨੂੰ ਨਮਨ ਕੀਤਾ। ਸੀਟੀ ਗਰੁੱਪ, ਸ਼ਾਹਪੁਰ ਕੈਂਪਸ ’ਚ ਸੈਂਕੜੇ ਵਿਦਿਆਰਥੀਆਂ ਨੇ ਇਨਸਾਨੀ ਭਾਰਤੀ ਨਕਸ਼ਾ ਤਿਆਰ ਕਰਕੇ ਰਾਸ਼ਟਰੀ ਏਕਤਾ ਤੇ ਅਖੰਡਤਾ ਦਾ ਸ਼ਾਨਦਾਰ ਸੰਦੇਸ਼ ਦਿੱਤਾ। ਵੱਖ-ਵੱਖ ਦੇਸ਼ ਭਗਤੀ ਗਤੀਵਿਧੀਆਂ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਉਤਸ਼ਾਹਪੂਰਨ ਬਣਾਇਆ। ਮਕਸੂਦਾਂ ਕੈਂਪਸ ’ਚ ਲੈਫਟੀਨੈਂਟ ਕਰਨਲ ਨੀਰਵ ਪਠਾਨੀਆ, ਸੂਬੇਦਾਰ ਮੇਜਰ ਸਰਵਾਨਾ ਤੇ ਨਾਇਬ ਸੂਬੇਦਾਰ ਸੁਬਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ, ਜਿਸ ਉਪਰੰਤ ਰਾਸ਼ਟਰੀ ਗੀਤ ਤੇ ਪ੍ਰਭਾਵਸ਼ਾਲੀ ਐਨਸੀਸੀ ਪਰੇਡ ਤੇ ਮਾਰਚ-ਪਾਸਟ ਹੋਇਆ। ਵਿਦਿਆਰਥੀਆਂ ਨੇ ਭਾਸ਼ਣ, ਕਾਵਿ, ਰੰਗੋਲੀ, ਪੋਸਟਰ ਮੇਕਿੰਗ, ਨਾਅਰਾ ਲੇਖਨ, ਸਮੂਹ ਗੀਤ, ਸਮੂਹ ਨਾਚ ਤੇ ਇਕੱਲੇ ਗਾਇਨ ਰਾਹੀਂ ਆਪਣੀ ਪ੍ਰਤਿਭਾ ਤੇ ਦੇਸ਼ ਭਗਤੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਤੇ ਸੀਟੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਬਸਨੇਟ ਸਮੇਤ ਫੈਕਲਟੀ ਮੈਂਬਰ ਤੇ ਵਿਦਿਆਰਥੀ ਮੌਜੂਦ ਰਹੇ। ਸੀਟੀ ਪਬਲਿਕ ਸਕੂਲ ’ਚ ਵਿਦਿਆਰਥੀਆਂ ਨੇ ਰੰਗਾਰੰਗ ਪੇਸ਼ਕਾਰੀਆਂ ਤੇ ਰਚਨਾਤਮਕ ਗਤੀਵਿਧੀਆਂ ਰਾਹੀਂ ਦੇਸ਼ ਪ੍ਰੇਮ, ਏਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਰਸਾਇਆ। ਇਸੇ ਤਰ੍ਹਾਂ ਸੀਟੀ ਵਰਲਡ ਸਕੂਲ ’ਚ ਵਿਸ਼ੇਸ਼ ਸਵੇਰ ਦੀ ਸਭਾ ਦੌਰਾਨ ਸਰਹੱਦਾਂ ’ਤੇ ਤਾਇਨਾਤ ਭਾਰਤੀ ਸੈਨਿਕਾਂ ਦੀ ਹਿੰਮਤ, ਚੁਣੌਤੀਆਂ ਤੇ ਕੁਰਬਾਨੀਆਂ ਨੂੰ ਦਰਸਾਉਂਦੀ ਪ੍ਰਭਾਵਸ਼ਾਲੀ ਇਕਾਂਗੀ ਪੇਸ਼ ਕੀਤੀ ਗਈ। ਸੀਟੀ ਵਰਲਡ ਸਕੂਲ ਵਿਖੇ ਕਿੰਡਰਗਾਰਟਨ ਤੇ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਤਿਰੰਗਾ ਥੀਮ ਵਾਲੀਆਂ ਗਤੀਵਿਧੀਆਂ ’ਚ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਿੰਸੀਪਲ ਆਰਤੀ ਜਸਵਾਲ ਨੇ ਵਿਦਿਆਰਥੀਆਂ ਦੇ ਉਤਸ਼ਾਹ ਤੇ ਰਚਨਾਤਮਕਤਾ ਦੀ ਸ਼ਲਾਘਾ ਕੀਤੀ। ਸੀਟੀ ਗਰੁੱਪ ਦੇ ਪ੍ਰਬੰਧਾਂ ਵੱਲੋਂ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਗਈ। ਸਮਾਗਮ ਦਾ ਸਮਾਪਨ ‘ਰਾਸ਼ਟਰ ਪਹਿਲਾਂ’ ਦੀ ਭਾਵਨਾ, ਰਾਸ਼ਟਰੀ ਮਾਣ ਤੇ ਇੱਕਜੁੱਟ ਭਾਰਤ ਦੇ ਸੰਕਲਪ ਨਾਲ ਹੋਇਆ।