100 ਸਕੂਲਾਂ ਦੇ ਵਿਦਿਆਰਥੀਆਂ ਨੇ ‘ਵਿਕਸਿਤ ਯੁਵਾ, ਵਿਕਸਿਤ ਭਾਰਤ’ ਥੀਮ ਤਹਿਤ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ ਸੀਨੀਅਰ ਸਟਫ ਰਿਪੋਰਟਰ, ਜਲੰਧਰ : ਰਚਨਾਤਮਕਤਾ, ਨਵੀਨਤਾ, ਪ੍ਰਤਿਭਾ ਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹੋਏ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ, ਜਲੰਧਰ ਵੱਲੋਂ ਆਪਣੇ ਪ੍ਰਮੁੱਖ ਇੰਟਰ-ਸਕੂਲ ਫੀਸਟਾ ‘ਕਲਰਜ਼ 2026’ ਦੇ 9ਵੇਂ ਐਡੀਸ਼ਨ ਦਾ ਸਫ਼ਲ ਆਯੋਜਨ ਕੀਤਾ ਗਿਆ। ‘ਵਿਕਸਿਤ ਯੁਵਾ, ਵਿਕਸਿਤ ਭਾਰਤ’ ਥੀਮ ਤਹਿਤ ਕਰਵਾਏ ਗਏ ਇਸ ਸ਼ਾਨਦਾਰ ਸਮਾਗਮ ’ਚ ਖੇਤਰ ਦੇ 100 ਤੋਂ ਵੱਧ ਸਕੂਲਾਂ ਦੇ 2,500 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਫੀਸਟਾ ਨੇ ਵਿਦਿਆਰਥੀਆਂ ਨੂੰ ਆਪਣੀ ਕਲਾਤਮਕ ਪ੍ਰਤਿਭਾ, ਤਕਨੀਕੀ ਹੁਨਰ, ਨਵੀਨਤਾ ਤੇ ਸੱਭਿਆਚਾਰਕ ਉੱਤਮਤਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਵਿਸ਼ਾਲ ਮੰਚ ਪ੍ਰਦਾਨ ਕੀਤਾ। ਸਮਾਗਮ ਵਿੱਚ ਡਾ. ਮਨਜੀਤ ਸਿੰਘ, ਡੀਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਪੈਟਰਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ. ਮਨਬੀਰ ਸਿੰਘ, ਮੈਨੇਜਿੰਗ ਡਾਇਰੈਕਟਰ, ਸੀਟੀ ਗਰੁੱਪ ਸੁਸ਼੍ਰੀ ਤਨਿਕਾ ਚੰਨੀ, ਜੁਆਇੰਟ ਮੈਨੇਜਿੰਗ ਡਾਇਰੈਕਟਰ, ਸੀਟੀ ਗਰੁੱਪ ਅਤੇ ਡਾ. ਨਿਤਿਨ ਟੰਡਨ, ਐਗਜ਼ੀਕਿਊਟਿਵ ਡਾਇਰੈਕਟਰ, ਸੀਟੀ ਗਰੁੱਪ ਵੀ ਮੌਜੂਦ ਰਹੇ। ਆਪਣੇ ਸੰਬੋਧਨ ਵਿੱਚ ਡਾ. ਮਨਜੀਤ ਸਿੰਘ ਨੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠੇ ਕਰਨ ਲਈ ਸੀਟੀ ਗਰੁੱਪ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਸਿੱਖਿਆ, ਨਵੀਨਤਾ, ਰਚਨਾਤਮਕਤਾ ਤੇ ਵਿਹਾਰਕ ਤਜਰਬੇ ਰਾਹੀਂ ਨੌਜਵਾਨ ਪ੍ਰਤਿਭਾਵਾਂ ਨੂੰ ਨਿਖਾਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਦੇਸ਼ ਦੇ ਭਵਿੱਖ ਦੀ ਅਸਲ ਤਾਕਤ ਹਨ ਅਤੇ ‘ਕਲਰਜ਼’ ਵਰਗੇ ਮੰਚ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ, ਟੀਮ ਵਰਕ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਸਮਰੱਥਾ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜੋ ‘ਵਿਕਸਿਤ ਯੁਵਾ, ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਇਕ ਹਨ। ਫੀਸਟਾ ਦੌਰਾਨ ਟੈਕਨੀਕਲ, ਕਰੀਏਟਿਵ, ਕਲਚਰਲ ਅਤੇ ਗੇਮ ਜ਼ੋਨ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਮੁਕਾਬਲੇ ਕਰਵਾਏ ਗਏ। ਤਕਨੀਕੀ ਮੁਕਾਬਲਿਆਂ ਵਿੱਚ ਪ੍ਰਸ਼ਨੋਤਰੀ, ਟ੍ਰੇਜ਼ਰ ਟ੍ਰੋਵ, ਵਾਰ ਆਫ਼ ਵਰਡਜ਼ (ਬਹਿਸ), ਮੇਕਰ ਸਪੇਸ (ਪ੍ਰੋਜੈਕਟ ਪ੍ਰਦਰਸ਼ਨੀ), ਕੋਡ ਡੀਬੱਗਿੰਗ ਅਤੇ ਰੋਬੋ ਰੇਸ ਸ਼ਾਮਲ ਰਹੇ।ਰਚਨਾਤਮਕ ਸ਼੍ਰੇਣੀ ਵਿੱਚ ਅਲਪਨਾ (ਰੰਗੋਲੀ), ਮੈਡੀਕਾ (ਮਹਿੰਦੀ), ਕਲਾ ਕ੍ਰਿਤੀ (ਪੋਸਟਰ ਮੇਕਿੰਗ), ਆਨ-ਦ-ਸਪੌਟ ਫੋਟੋਗ੍ਰਾਫੀ, ਨੇਲ ਆਰਟ, ਫੂਡ ਪੋਕਰ (ਸਲਾਦ ਮੇਕਿੰਗ), ਫੇਸ ਪੇਂਟਿੰਗ, ਬੈਸਟ ਆਊਟ ਆਫ਼ ਵੇਸਟ, ਪੱਗ ਬੰਨ੍ਹਣਾ, ਸੈਂਡਵਿਚ ਮੇਕਿੰਗ, ਬਿਨਾਂ ਅੱਗ ਦੇ ਖਾਣਾ ਬਣਾਉਣਾ, ਰੀਲ ਮੇਕਿੰਗ ਅਤੇ ਐਡ ਮੈਡ ਸ਼ੋਅ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ।ਸੱਭਿਆਚਾਰਕ ਮੁਕਾਬਲਿਆਂ ਵਿੱਚ ਸੋਲੋ ਗਾਇਨ, ਸੋਲੋ ਡਾਂਸ, ਇੰਡੀਅਨ ਅਤੇ ਵੈਸਟਰਨ ਗਰੁੱਪ ਡਾਂਸ, ਫੈਸ਼ਨ ਸ਼ੋਅ, ਭੰਗੜਾ ਅਤੇ ਗਿੱਧਾ ਨੇ ਸਮਾਗਮ ’ਚ ਰੰਗ ਤੇ ਰੌਣਕ ਭਰ ਦਿੱਤੀ। ਗੇਮ ਜ਼ੋਨ ’ਚ ਲੇਨ ਗੇਮਿੰਗ, ਲੂਡੋ, ਕੈਰਮ, ਸ਼ਤਰੰਜ ਤੇ ਹੋਰ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਖ਼ਾਸ ਤੌਰ ’ਤੇ ਆਕਰਸ਼ਿਤ ਕੀਤਾ। ਸਾਰੇ ਭਾਗੀਦਾਰਾਂ ਨੇ ਆਪਣੀ ਰਚਨਾਤਮਕਤਾ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਮੁਕਾਬਲੇਬਾਜ਼ੀ ਦੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।‘ਕਲਰਜ਼ 2026’ ਦਾ ਮੁੱਖ ਆਕਰਸ਼ਣ ਟੈਕਵਰਸ ਜ਼ੋਨ ਰਿਹਾ, ਜਿੱਥੇ ਵਿਦਿਆਰਥੀਆਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਇਨੋਵੇਸ਼ਨਜ਼ ਆਨ ਵ੍ਹੀਲਜ਼ ਅਤੇ ਵੀ ਆਰ ਗੇਮਿੰਗ ਵਰਗੀਆਂ ਉੱਭਰ ਰਹੀਆਂ ਤਕਨੀਕਾਂ ਨਾਲ ਜਾਣੂ ਹੋਣ ਦਾ ਮੌਕਾ ਮਿਲਿਆ। ਇਨਾਮ ਵੰਡ ਸਮਾਰੋਹ ਡਾ. ਅਨੁਰਾਗ ਸ਼ਰਮਾ, ਡਾਇਰੈਕਟਰ, ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ, ਜਲੰਧਰ ਅਤੇ ਸੁਸ਼੍ਰੀ ਆਸ਼ਨਾ, ਡਿਪਟੀ ਡਾਇਰੈਕਟਰ, ਐਡਮਿਸ਼ਨਜ਼ ਵੱਲੋਂ ਕਰਵਾਇਆ ਗਿਆ, ਜਿਸ ਦੌਰਾਨ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਐਮਜੀਐਨ ਪਬਲਿਕ ਸਕੂਲ ਨੇ 11,000 ਨਕਦ ਇਨਾਮ ਦੇ ਨਾਲ ਓਵਰਆਲ ਵਿਜੇਤਾ ਟਰਾਫੀ ਹਾਸਲ ਕੀਤੀ। ਪੁਲਿਸ ਡੀਏਵੀ ਸਕੂਲ ਨੇ 5,100 ਦੇ ਨਾਲ ਪਹਿਲੀ ਰਨਰ-ਅੱਪ ਟਰਾਫੀ, ਜਦਕਿ ਸਵਾਮੀ ਸੰਤ ਦਾਸ ਪਬਲਿਕ ਸਕੂਲ ਨੇ 3,100 ਦੇ ਨਾਲ ਦੂਜੀ ਰਨਰ-ਅੱਪ ਟਰਾਫੀ ਪ੍ਰਾਪਤ ਕੀਤੀ। ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਉਤਸ਼ਾਹ ਤੇ ਭਾਗੀਦਾਰੀ ਲਈ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।