‘ਮਾਵਾਂ ਧੀਆਂ ਸਤਿਕਾਰ ਯੋਜਨਾ' ਕਾਰਨ ਬਾਕੀ ਕੰਮ ਪਛੜਨ ਲੱਗੇ ਮਾਵਾਂ ਧੀਆਂ ਸਤਿਕਾਰ ਯੋਜਨਾ' ਦੇ ਬਿਨੈਕਾਰਾਂ ਦੀ ਭੀੜ ਸੇਵਾ ਕੇਂਦਰਾਂ 'ਤੇ ਹੋਰ ਕੰਮਾਂ ਦੀ ਰਫ਼ਤਾਰ ਨੂੰ ਕਰ ਰਹੀ ਹੌਲੀ
Publish Date: Wed, 15 Jul 2026 09:58 PM (IST)
Updated Date: Wed, 15 Jul 2026 10:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ‘ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਅਰਜ਼ੀ ਦੇਣ ਵਾਲੀਆਂ ਔਰਤਾਂ ਦੀ ਗਿਣਤੀ ਸੇਵਾ ਕੇਂਦਰਾਂ ਤੇ ਲਗਾਤਾਰ ਵੱਧ ਰਹੀ ਹੈ। ਇਸੇ ਦੌਰਾਨ ਹੋਰ ਜ਼ਰੂਰੀ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਲਈ ਕੰਮ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਹ ਇਸ ਲਈ ਹੈ ਕਿਉਂਕਿ ਕਤਾਰਾਂ ’ਚ 60 ਫ਼ੀਸਦੀ ਤੋਂ ਵੱਧ ਲੋਕ ਇਸ ਯੋਜਨਾ ਅਧੀਨ ਰਜਿਸਟ੍ਰੇਸ਼ਨ ਜਾਂ ਸਬੰਧਤ ਸੇਵਾਵਾਂ ਦੀ ਮੰਗ ਕਰਨ ਵਾਲੇ ਬਿਨੈਕਾਰ ਹਨ। ਸੇਵਾਵਾਂ ਪ੍ਰਾਪਤ ਕਰਨ ਤੋਂ ਪਹਿਲਾਂ ਲੋੜੀਂਦੇ ਟੋਕਨ ਜਾਰੀ ਕਰਨ ਦੇ ਮਾਮਲੇ ’ਚ ਵੀ ਅਜਿਹੀ ਹੀ ਸਥਿਤੀ ਹੈ। ਇੱਥੇ ਵੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਸੇਵਾਵਾਂ ਲੈਣ ਵਾਲੀਆਂ ਔਰਤਾਂ ਜ਼ਿਆਦਾਤਰ ਟੋਕਨ ਪ੍ਰਾਪਤ ਕਰ ਰਹੀਆਂ ਹਨ। ਇਨ੍ਹਾਂ ਦਿਨਾਂ ’ਚ ਸਰਕਾਰੀ ਨਾਲ ਸਬੰਧਤ ਹੋਰ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਲੰਬੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। --- ਸੇਵਾ ਕੇਂਦਰ ਖੁੱਲ੍ਹਣ ਤੋਂ ਪਹਿਲਾਂ ਲੱਗੀਆਂ ਕਤਾਰਾਂ ਟੋਕਨਾਂ ਦੀ ਉਡੀਕ ਕਰਨ ਵਾਲੇ ਲੋਕਾਂ ਦੀਆਂ ਕਤਾਰਾਂ ਸ਼ਹਿਰ ਦੇ ਸੇਵਾ ਕੇਂਦਰ ਖੁੱਲ੍ਹਣ ਤੋਂ ਪਹਿਲਾਂ ਹੀ ਲੱਗ ਰਹੀਆਂ ਹਨ। ਜਾਰੀ ਕੀਤੇ ਗਏ ਹਰ 10 ਟੋਕਨਾਂ ਵਿੱਚੋਂ ਛੇ ਮਾਵਾਂ ਧੀਆਂ ਸਤਿਕਰਾ ਯੋਜਨਾ ਲਈ ਬਿਨੈਕਾਰਾਂ ਨੂੰ ਅਲਾਟ ਕੀਤੇ ਜਾਂਦੇ ਹਨ। ਸੇਵਾ ਕੇਂਦਰਾਂ ਤੇ ਰੋਜ਼ਾਨਾ ਔਸਤਨ 250 ਟੋਕਨ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਲਗਭਗ 160-170 ਟੋਕਨ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਬਿਨੈਕਾਰਾਂ ਨੂੰ ਅਲਾਟ ਕੀਤੇ ਜਾਂਦੇ ਹਨ। ਬਾਕੀ ਟੋਕਨ 40 ਹੋਰ ਕਿਸਮਾਂ ਦੀਆਂ ਸੇਵਾਵਾਂ ਲਈ ਜਾਰੀ ਕੀਤੇ ਜਾਂਦੇ ਹਨ, ਜਿਸ ’ਚ ਜਨਮ ਤੇ ਮੌਤ ਸਰਟੀਫਿਕੇਟ ਤੇ ਆਧਾਰ ਕਾਰਡ ਨਾਲ ਸਬੰਧਤ ਕੰਮ ਸ਼ਾਮਲ ਹਨ। --- ਪ੍ਰਤੀ ਫਾਰਮ ਅੱਪਡੇਟ ਲਈ ਲੱਗਦੇ ਹਨ 6 ਤੋਂ 7 ਮਿੰਟ ਸੇਵਾ ਕੇਂਦਰਾਂ ਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ ’ ਅਧੀਨ ਇਕ ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ’ਚ 6 ਤੋਂ 7 ਮਿੰਟ ਲੱਗਦੇ ਹਨ। ਹੋਰ ਸਰਕਾਰੀ ਸੇਵਾਵਾਂ ਲਈ ਆਉਣ ਵਾਲੇ ਲੋਕਾਂ ਨੂੰ ਲੰਬੀ ਉਡੀਕ ਦਾ ਸਾਹਮਣਾ ਕਰਨਾ ਪੈਂਦਾ ਹੈ। --- ਲੋਕਾਂ ਨੇ ਕੀਤੀ ਵਾਧੂ ਪ੍ਰਬੰਧਾਂ ਦੀ ਮੰਗ ਗੁਰਪ੍ਰੀਤ ਸਿੰਘ ਜੋ ਆਪਣੇ ਪੁੱਤਰ ਦੇ ਆਧਾਰ ਕਾਰਡ ਨੂੰ ਅਪਗ੍ਰੇਡ ਕਰਨ ਲਈ ਕੇਂਦਰ ਗਿਆ ਸੀ, ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਵੀ ਆਇਆ ਸੀ ਪਰ ਜ਼ਿਆਦਾਤਰ ਟੋਕਨ ਪਹਿਲਾਂ ਹੀ ਦੁਪਹਿਰ ਇਕ ਵਜੇ ਤੱਕ ਜਾਰੀ ਕਰ ਦਿੱਤੇ ਗਏ ਸਨ। ਬੁੱਧਵਾਰ ਨੂੰ ਉਸ ਨੂੰ ਪ੍ਰਾਪਤ ਹੋਏ ਟੋਕਨ ਦੇ ਆਧਾਰ ਤੇ ਉਸ ਦੀ ਵਾਰੀ ਸ਼ਾਮ 4 ਵਜੇ ਦੇ ਕਰੀਬ ਆਈ। ਪੁੱਛਗਿੱਛ ਕਰਨ ਤੇ ਉਸ ਨੂੰ ਦੱਸਿਆ ਗਿਆ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਲਈ ਬਿਨੈਕਾਰ ਸਵੇਰ ਤੋਂ ਹੀ ਟੋਕਨ ਇਕੱਠੇ ਕਰ ਰਹੇ ਸਨ। ਇਸੇ ਤਰ੍ਹਾਂ ਪੂਜਾ, ਜੋ ਜਨਮ ਸਰਟੀਫਿਕੇਟ ਵਿੱਚ ਸੋਧ ਕਰਨ ਆਈ ਸੀ, ਨੇ ਸੁਝਾਅ ਦਿੱਤਾ ਕਿ ਇਸ ਯੋਜਨਾ ਲਈ ਸੇਵਾ ਕੇਂਦਰਾਂ ਤੇ ਵੱਖਰੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਹੋਰ ਸੇਵਾਵਾਂ ਪ੍ਰਭਾਵਿਤ ਨਾ ਹੋਣ।