ਪੁਲਿਸ 'ਤੇ ਗੋਲੀ ਚਲਾਉਣ ਵਾਲੇ ਤਿੰਨ ਗ੍ਰਿਫ਼ਤਾਰ ਮਾਮਲਾ ਜੰਡਿਆਲਾ ਮੋੜ 'ਤੇ ਪੁਲਿਸ ਟੀਮ 'ਤੇ ਗੋਲੀਬਾਰੀ ਦਾ )
Publish Date: Mon, 21 Sep 2026 09:12 PM (IST)
Updated Date: Tue, 22 Sep 2026 04:09 AM (IST)
- ਮਾਮਲਾ ਜੰਡਿਆਲਾ ਮੋੜ ਤੇ ਪੁਲਿਸ ਟੀਮ ਤੇ ਗੋਲੀਬਾਰੀ ਦਾ - 5 ਨਾਜਾਇਜ਼ ਪਿਸਤੌਲ ਅਤੇ 5 ਕਾਰਤੂਸ ਕੀਤੇ ਬਰਾਮਦ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਜੰਡਿਆਲਾ ਮੋੜ ਤੇ ਨਾਕਾਬੰਦੀ ਦੌਰਾਨ ਪੁਲਿਸ ਟੀਮ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ ਪੰਜ ਨਾਜਾਇਜ਼ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ, ਦਿਲਪ੍ਰੀਤ ਸਿੰਘ ਅਤੇ ਮੇਹਰ ਸਿੰਘ ਉਰਫ਼ ਪ੍ਰਿੰਸ ਵਜੋਂ ਹੋਈ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਜ-ਵਿਰੋਧੀ ਅਨਸਰਾਂ ਅਤੇ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਡੀਸੀਪੀ ਸਿਟੀ ਆਦਿਤਿਆ ਐਸ. ਵਾਰੀਅਰ, ਏਡੀਸੀਪੀ ਸਿਟੀ-2 ਮਾਧਵੀ ਸ਼ਰਮਾ ਅਤੇ ਏਸੀਪੀ ਕੈਂਟ ਕੁਲਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਕਾਰਵਾਈ ਕੀਤੀ। ਵਾਹਨਾਂ ਦੀ ਚੈਕਿੰਗ ਦੌਰਾਨ ਅਚਾਨਕ ਕੱਢਿਆ ਪਿਸਤੌਲ--- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਅਦਿੱਤਿਅ ਐਸ ਵਾਰੀਅਰ ਨੇ ਦੱਸਿਆ ਕਿ 18 ਸਤੰਬਰ ਨੂੰ ਜੰਡਿਆਲਾ ਪੁਲਿਸ ਚੌਕੀ ਦੇ ਇੰਚਾਰਜ ਐਸ.ਆਈ. ਨਰਿੰਦਰ ਮੋਹਨ ਆਪਣੀ ਟੀਮ ਨਾਲ ਜੰਡਿਆਲਾ ਮੋੜ ਤੇ ਨਾਕੇ ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਮਹਿੰਦਰਾ ਸਕੋਰਪੀਓ ਨੂੰ ਰੋਕਿਆ ਅਤੇ ਉਸ ਵਿੱਚ ਸਵਾਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਪੁਲਿਸ ਨੇ ਜਦੋਂ ਪਛਾਣ ਪੱਤਰ ਅਤੇ ਡਰਾਈਵਿੰਗ ਲਾਇਸੈਂਸ ਮੰਗਿਆ ਗਿਆ ਤਾਂ ਸਵਾਰਾਂ ਵਿੱਚੋਂ ਇੱਕ ਨੇ ਅਚਾਨਕ ਪਿਸਤੌਲ ਕੱਢ ਲਿਆ ਅਤੇ ਐਸ.ਆਈ. ਨਰਿੰਦਰ ਮੋਹਨ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀ ਨੇ ਤੁਰੰਤ ਮੁਲਜ਼ਮ ਦਾ ਹੱਥ ਫੜ ਲਿਆ ਅਤੇ ਉਸਨੂੰ ਪਿੱਛੇ ਧੱਕ ਦਿੱਤਾ। ਇਸ ਝੜਪ ਦੌਰਾਨ ਚਲਾਈਆਂ ਗਈਆਂ ਦੋ ਗੋਲੀਆਂ ਨੇੜਲੇ ਢਾਬੇ ਦੀ ਕੰਧ ਤੇ ਜਾ ਲੱਗੀਆਂ। ਘਟਨਾ ਵਾਲੀ ਥਾਂ ਤੋਂ ਗਲਾਕ ਪਿਸਤੌਲ ਅਤੇ ਕਾਰਤੂਸ ਬਰਾਮਦ----- ਉਹਨਾਂ ਦੱਸਿਆ ਕਿ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਸ਼ੋਕਰ ਵਾਸੀ ਅੱਟੀ ਬਾਜਾ, ਫਿਲੌਰ , ਜਦਕਿ ਸਕੋਰਪੀਓ ਚਾਲਕ ਦੀ ਪਛਾਣ ਦਿਲਪ੍ਰੀਤ ਸਿੰਘ ਵਾਸੀ ਧਰਮ ਸਿੰਘ ਵਾਲਾ ਮੋਗਾ ਵਜੋਂ ਕੀਤੀ ਗਈ। ਪੁਲਿਸ ਨੇ ਸਦਰ ਥਾਣੇ ਵਿੱਚ ਭਾਰਤੀ ਨਿਆ ਸੰਹਿਤਾ ਦੀ ਧਾਰਾ 109 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27-54-59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਬਰਾਮਦ ਹੋਏ ਹਥਿਆਰ------ ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਮਨਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਚਾਰ ਹੋਰ ਗੈਰ-ਕਾਨੂੰਨੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਦੇ ਨਤੀਜੇ ਵਜੋਂ, ਪੁਲਿਸ ਨੇ ਹੁਣ ਤੱਕ ਕੁੱਲ ਪੰਜ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਜ਼ਬਤ ਕਰ ਲਏ ਹਨ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਆਸਟ੍ਰੀਆ ਵਿੱਚ ਬਣਿਆ ਗਲੌਕ , ਰੋਮਾਨੀਆ ਵਿੱਚ ਬਣਿਆ ਟੀਟੀ-ਸੀ ਅਤੇ ਜਰਮਨੀ ਵਿੱਚ ਬਣਿਆ ਵਾਲਥਰ ਪਿਸਤੌਲ ਸ਼ਾਮਲ ਹਨ, ਜਿਨ੍ਹਾਂ ਦੇ ਨਾਲ ਕੁਝ ਹੋਰ ਬਿਨਾਂ ਨਿਸ਼ਾਨ ਵਾਲੇ ਪਿਸਤੌਲ ਵੀ ਮਿਲੇ ਹਨ। ਤੀਜੇ ਮੁਲਜ਼ਮ ਤੱਕ ਪਹੁੰਚੀ ਜਾਂਚ------ ਪੁਲਿਸ ਨੇ 20 ਸਤੰਬਰ ਨੂੰ ਤੀਜੇ ਮੁਲਜ਼ਮ ਮੇਹਰ ਸਿੰਘ ਉਰਫ਼ ਪ੍ਰਿੰਸ ਵਾਸੀ ਨਿਊ ਆਜ਼ਾਦ ਨਗਰ, ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਇਸ ਸਮੇਂ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹਥਿਆਰਾਂ ਦੀ ਸਪਲਾਈ ਅਤੇ ਵਰਤੋਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਅਤੇ ਨਾਲ ਹੀ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੇਰਵੇ ਹਾਸਲ ਕੀਤੇ ਜਾ ਸਕਣ। ਡੀਸੀਪੀ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ਅਤੇ ਪੁੱਛਗਿੱਛ ਦੇ ਆਧਾਰ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।