- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕ ਲੱਖ ਰੁਪਏ ਵਿੱਚ ਬੱਚੇ ਨੂੰ ਵੇਚਣ ਦੀ ਹੋਈ ਸੀ ਡੀਲ

- ਬੱਚੇ ਨੂੰ ਅਗਵਾਹ ਕਰਨ ਵਾਲਾ ਇੱਕ ਕਾਬੂ, ਦੂਜੇ ਦੀ ਤਲਾਸ਼ ਜਾਰੀ
- ਬੱਚਾ ਖ਼ਰੀਦਣ ਦੀ ਡੀਲ ਕਰਨ ਵਾਲੇ ਵੀ ਨਾਮਜ਼ਦ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ
ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਬਸਤੀ ਬਾਵਾ ਖੇਲ ਦੇ ਪੰਨੂ ਵਿਹਾਰ ਤੋਂ 4 ਸਾਲਾ ਕੇਸ਼ਵ ਦੇ ਅਗਵਾ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਹਾਲਾਂਕਿ, ਉਸਦਾ ਸਾਥੀ ਅਜੇ ਵੀ ਫਰਾਰ ਹੈ ਜਿਸ ਦੀ ਤਲਾਸ਼ ਵਿੱਚ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ। ਡੀਸੀਪੀ ਆਦਿਤਿਆ ਵਾਰੀਅਰ ਨੇ ਗ੍ਰਿਫ਼ਤਾਰੀ ਬਾਰੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ। ੳਨਾ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਬੱਚੇ ਨੂੰ ਵੇਚਣਾ ਚਾਹੁੰਦੇ ਸਨ ਪਰ ਸ਼ਹਿਰ ਭਰ ’ਚ ਲਗਾਏ ਗਏ ਪੁਲਿਸ ਨਾਕਿਆਂ ਕਾਰਨ ਉਹ ਆਪਣੀ ਯੋਜਨਾ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ। ਨਤੀਜੇ ਵਜੋਂ ਉਹ ਬੱਚੇ ਨੂੰ ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋ ਗਏ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਰਜਤ ਰੱਟੂ ਉਰਫ਼ ਰੌਕੀ ਵਾਸੀ ਆਦਮਪੁਰ ਵਜੋਂ ਹੋਈ ਹੈ। ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਘਟਨਾ ਦੇ 72 ਘੰਟਿਆਂ ਦੇ ਅੰਦਰ-ਅੰਦਰ ਅੱਜ ਸਵੇਰੇ 5 ਵਜੇ ਉਸ ਦੇ ਪਿੰਡ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਮੁਲਜ਼ਮ ਬੱਚਾ ਵੇਚਣ ਦੀ ਯੋਜਨਾ ਬਣਾ ਰਹੇ ਸਨ, ਉਨ੍ਹਾਂ ਦੇ ਨਾਮ ਵੀ ਕੇਸ ’ਚ ਸ਼ਾਮਲ ਕੀਤੇ ਗਏ ਹਨ। ਇਸ ਦੌਰਾਨ ਮੁਲਜ਼ਮ ਦਾ ਸਾਥੀ ਪ੍ਰਿੰਸ ਅਜੇ ਵੀ ਫਰਾਰ ਹੈ। ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਮੁਲਜ਼ਮਾਂ ਨੇ ਅਜਿਹਾ ਅਪਰਾਧ ਕੀਤਾ ਸੀ।
ਡੀਸੀਪੀ ਅਦਿਤਿਆ ਨੇ ਦੱਸਿਆ ਕਿ ਯੋਜਨਾ ਬੱਚੇ ਨੂੰ ਇੱਕ ਲੱਖ ਰੁਪਏ ’ਚ ਵੇਚਣ ਦੀ ਸੀ ਅਤੇ 20,000 ਰੁਪਏ ਦੀ ਪੇਸ਼ਗੀ ਰਕਮ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਸੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਰਜਤ ਰੱਟੂ ਡਰਾਈਵਰ ਵਜੋਂ ਕੰਮ ਕਰਦਾ ਹੈ, ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਕੇਸ਼ਵ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਰਿਮਾਂਡ ਹਾਸਲ ਕਰਨ ਲਈ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਹੋਰ ਖੁਲਾਸੇ ਹੋ ਸਕਦੇ ਹਨ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਅਗਵਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਆਪਣੇ ਕੱਪੜੇ ਬਦਲੇ ਸਨ, ਜੋ ਬਾਅਦ ’ਚ ਬਰਾਮਦ ਕਰ ਲਏ ਗਏ ਅਤੇ ਫਿਰ ਬੱਚੇ ਨੂੰ ਜਾਣ-ਪਛਾਣ ਵਾਲਿਆਂ ਕੋਲ ਛੱਡ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ਵੱਲੋਂ ਪੁਲਿਸ ਦੇ ਵਧਦੇ ਹੋਏ ਦਬਾਅ ਕਾਰਨ, ਉਸ ਨੂੰ ਬੱਸ ਅੱਡੇ ਲਾਗੇ ਛੱਡ ਦਿੱਤਾ ਗਿਆ ਸੀ, ਜਿੱਥੋਂ ਪੁਲਿਸ ਨੇ ਬੱਚੇ ਨੂੰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਸੀ। ਫਿਲਹਾਲ ਪੁਲਿਸ ਹੁਣ ਮੁਲਜ਼ਮ ਦੇ ਦੂਜੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾਮਾਰੀ ਕਰ ਰਹੀ ਹੈ ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।