ਦਕੋਹਾ ’ਚ ਮੁਟਿਆਰ ਨਾਲ ਕੁੱਟਮਾਰ, ਘਟਨਾ ਸੀਸੀਟੀਵੀ ’ਚ ਕੈਦ ਦਕੋਹਾ ਵਿੱਚ ਇੱਕ ਮੁਟਿਆਰ ਨਾਲ ਕੁੱਟਮਾਰ
Publish Date: Sat, 28 Nov 2026 06:46 PM (IST)
Updated Date: Sun, 29 Nov 2026 04:05 AM (IST)
ਛੇੜਛਾੜ ਦਾ ਵਿਰੋਧ ਕਰਨ ਤੇ ਇਕ ਮੁਟਿਆਰ ਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਹਮਲਾ ਕਰਨ ਦੇ ਦੋਸ਼ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਰਾਮਾ ਮੰਡੀ ਥਾਣੇ ਅਧੀਨ ਆਉਂਦੇ ਦਕੋਹਾ ਇਲਾਕੇ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਛੇੜਛਾੜ ਦਾ ਵਿਰੋਧ ਕਰਨ ਤੇ ਇਕ ਮੁਟਿਆਰ ਨਾਲ ਕੁੱਟਮਾਰ ਕੀਤੀ ਗਈ। ਇਲਾਕੇ ਦੇ ਹੀ ਇਕ ਨੌਜਵਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਔਰਤ ਤੇ ਹਮਲਾ ਕੀਤਾ। ਇਹ ਘਟਨਾ 27 ਨਵੰਬਰ ਦੀ ਦੇਰ ਸ਼ਾਮ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਵਾਪਰੀ। ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਲਾਕਾ ਵਾਸੀਆਂ ’ਚ ਭਾਰੀ ਰੋਸ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ, ਜੋ ਇਕੱਲੀ ਰਹਿੰਦੀ ਹੈ, ਨੂੰ ਕਾਫੀ ਸਮੇਂ ਤੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪੀੜਤਾ ਦੀ ਪਛਾਣ ਜਸਲੀਨ ਕੌਰ ਵਜੋਂ ਹੋਈ ਹੈ। ਸਥਾਨਕ ਲੋਕਾਂ ਅਨੁਸਾਰ ਉਸਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਉਹ ਇਕੱਲੀ ਰਹਿੰਦੀ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਇਲਾਕੇ ਦੇ ਕੁਝ ਨੌਜਵਾਨ ਕਾਫੀ ਸਮੇਂ ਤੋਂ ਉਸਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਉਸ ਨਾਲ ਛੇੜਛਾੜ ਕਰਦੇ ਸਨ। ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਵੀ ਉਸਨੇ ਵਿਰੋਧ ਕੀਤਾ, ਤਾਂ ਉਸਨੂੰ ਧਮਕੀਆਂ ਦਿੱਤੀਆਂ ਗਈਆਂ। 27 ਨਵੰਬਰ ਦੀ ਸ਼ਾਮ ਨੂੰ ਮਾਮਲਾ ਉਦੋਂ ਗੰਭੀਰ ਹੋ ਗਿਆ, ਜਦੋਂ ਜਸਲੀਨ ਕੌਰ ਨੇ ਲਗਾਤਾਰ ਹੋ ਰਹੀ ਛੇੜਛਾੜ ਦਾ ਵਿਰੋਧ ਕੀਤਾ। ਦੋਸ਼ ਹੈ ਕਿ ਵਰੁਣ ਨਾਮ ਦਾ ਇੱਕ ਨੌਜਵਾਨ, ਆਪਣੇ ਪਿਤਾ ਨਰੇਸ਼ ਕੁਮਾਰ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਉਸਦੇ ਘਰ ਵਿੱਚ ਦਾਖਲ ਹੋ ਗਿਆ। ਫਿਰ ਉਹ ਉਸਨੂੰ ਘਸੀਟ ਕੇ ਗਲੀ ਵਿੱਚ ਲੈ ਆਏ ਤੇ ਉਸ ਨਾਲ ਕੁੱਟਮਾਰ ਕੀਤੀ। 43 ਸਕਿੰਟ ਦੀ ਸੀਸੀਟੀਵੀ ਫੁਟੇਜ ’ਚ ਸਾਰੀ ਘਟਨੀ ਰਿਕਾਰਡ ਹੈ। ਸਥਾਨਕ ਵਸਨੀਕਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਚੋਕੀ ਨੰਗਲ ਸ਼ਾਮਾ ਪੁਲਿਸ ਅਨੁਸਾਰ, ਮਾਮਲਾ ਉਨ੍ਹਾਂ ਦੇ ਧਿਆਨ ’ਚ ਆਉਣ ਤੋਂ ਬਾਅਦ ਹੁਣ ਇਸ ਦੀ ਜਾਂਚ ਕੀਤੀ ਜਾਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।