ਇਕ ਧਿਰ ਨੇ ਦੂਜੀ ਨੂੰ

ਇਕ ਧਿਰ ਨੇ ਦੂਜੀ ਧਿਰ ਦੇ ਘਰ ’ਚ ਕੀਤਾ ਹਮਲਾ
ਮਾਮਲੇ ’ਚ ਇਕ ਨੌਜਵਾਨ ਕੀਤਾ ਗ੍ਰਿਫਤਾਰ : ਏਸੀਪੀ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਬਾ ਖੇਲ ਦੀ ਹੱਦ ’ਚ ਪੈਂਦੇ ਰਾਜ ਨਗਰ ’ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ ਧਿਰ ਵਲੋ ਦੂਸਰੀ ’ਤੇ ਹਮਲਾ ਕੀਤਾ ਗਿਆ, ਜਿਸ ਦੋਰਾਨ ਕਈ ਗੋਲੀਆਂ ਵੀ ਚੱਲੀਆਂ। ਹਮਲਾਵਰਾਂ ਵਲੋ ਜਿਥੇ ਸਾਮਾਨ ਦੀ ਤੋੜ-ਭੰਨ ਕੀਤੀ ਗਈ ਉੱਥੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋ ਗਿਆ। ਦੋਵਾਂ ਧਿਰਾਂ ਵਲੋ ਇਕ-ਦੂਸਰੇ ’ਤੇ ਗੰਭੀਰ ਦੋਸ਼ ਲਗਾਏ ਗਏ। ਸ਼ੁਕਰਵਾਰ ਦੇਰ ਰਾਤ ਕਰੀਬ 12 ਵਜੇ ਹੋਏ ਇਸ ਝਗੜੇ ਸੰਬੰਧੀ ਸੂਚਨਾ ਮਿਲਦੇ ਹੀ ਏ.ਡੀ.ਸੀ.ਪੀ. ਸਿਟੀ-2 ਰਾਕੇਸ਼ ਯਾਦਵ, ਏ.ਸੀ.ਪੀ ਪੱਛਮੀ ਆਤਿਸ਼ ਭਾਟੀਆ ਤੇ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਜੈ ਇੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੀੜਤ ਪਰਿਵਾਰ ਨੇ ਪੁਲਿਸ ਅਧਿਕਾਰੀਆਂ ਨੂੰ ਸੀ.ਸੀ.ਟੀ.ਵੀ. ਫੁਟੇਜ ਦਿਖਾਈ, ਜਿਸ ’ਚ ਹਮਲਾਵਰਾਂ ਦੀ ਸਾਫ਼ ਪਛਾਣ ਹੋ ਰਹੀ ਸੀ। ਸੀ.ਸੀ.ਟੀ.ਵੀ. ਫੁਟੇਜ ’ਚ ਦਿਖਾਈ ਦੇ ਰਿਹਾ ਸੀ ਕਿ ਕੁਝ ਵਿਅਕਤੀ ਇਕ ਘਰ ’ਤੇ ਹਥਿਆਰਾਂ ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਰਹੇ ਹਨ। ਉਨ੍ਹਾਂ ਵਿਅਕਤੀਆਂ ਵਲੋ ਘਰ ’ਚ ਲਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਤੋੜ-ਭੰਨ ਕੀਤੀ ਜਾ ਰਹੀ ਹੈ।
ਏ.ਸੀ.ਪੀ. ਆਤਿਸ਼ ਭਾਟੀਆ ਨੇ ਜਾਣਕਾਰੀ ਦਿੱਤੀ ਕਿ ਮੌਕੇ ’ਤੇ ਪਹੁਚੀ ਪੁਲਿਸ ਪਾਰਟੀ ਨੂੰ ਚਲਾਈਆਂ ਗਈਆਂ ਗੋਲੀਆਂ ਦੇ ਕਰੀਬ 6 ਖੋਲ ਮਿਲੇ ਹਨ। ਉਨ੍ਹਾਂ ਵੱਲੋਂ ਮਨਜੀਤ ੳਰਫ਼ ਸੋਨੂੰ ਵਾਸੀ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਦੇ ਬਿਆਨਾਂ ਦੇ ਆਧਾਰ ’ਤੇ ਪਛਾਣ ’ਚ ਆਏ 6 ਵਿਅਕਤੀਆਂ ਦੇ ਨਾਲ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਏ.ਸੀ.ਪੀ. ਨੇ ਦੱਸਿਆ ਕਿ ਫਿਲਹਾਲ ਲੋੜੀਂਦੇ ਮੁਲਜ਼ਮਾਂ ’ਚੋ ਇਕ ਯੂਵਰਾਜ ਵਾਸੀ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।
ਜਲੰਧਰ ਵੈਸਟ ’ਚ ਚੱਲੀਆਂ ਗੋਲ਼ੀਆਂ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ : ਸ਼ੀਤਲ ਅੰਗੁਰਾਲ
ਜਲੰਧਰ ਵੈਸਟ ਵਿਧਾਨ ਸਭਾ ਖੇਤਰ ਦੇ ਬਸਤੀ ਬਾਵਾ ਖੇਲ ਥਾਣਾ ਹੱਦ ਰਾਜ ਨਗਰ ਇਲਾਕੇ ’ਚ ਦੇਰ ਰਾਤ ਹੋਈ ਗੋਲੀਬਾਰੀ ਦੀ ਘਟਨਾ ਨੇ ਇਕ ਵਾਰੀ ਫਿਰ ਖੇਤਰ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਘਟਨਾ ਖਰਾਬ ਹੋ ਰਹੀ ਕਾਨੂੰਨ ਵਿਵਸਥਾ ਦਾ ਵੱਡਾ ਸਵਾਲ ਹੈ। ਇਸ ਤੋਂ ਪਤਾ ਲਗਦਾ ਹੈ ਕਿ ਜਲੰਧਰ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਇਸ ਘਟਨਾ ਨੂੰ ਲੈ ਕੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ 'ਤੇ ਹਮਲਾ ਬੋਲਿਆ ਹੈ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਜਲੰਧਰ ਵੈਸਟ ’ਚ ਲਗਾਤਾਰ ਹੋ ਰਹੀਆਂ ਫਾਇਰਿੰਗ ਦੀਆਂ ਘਟਨਾਵਾਂ ਇਸ ਗੱਲ ਦਾ ਸੰਕੇਤ ਹਨ ਕਿ ਖੇਤਰ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ 'ਤੇ ਰਾਜਨੀਤਕ ਦਬਾਅ ਦੇ ਕਾਰਨ ਅਪਰਾਧੀਆਂ ਖਿਲਾਫ਼ ਨਿਰਪੱਖ ਤੇ ਸਖਤ ਕਾਰਵਾਈ ਨਹੀਂ ਹੋ ਪਾ ਰਹੀ। ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਵੈਸਟ ਹੁਣ ਗੋਲੀਬਾਰੀ, ਕਤਲੇਆਮ ਤੇ ਨਸ਼ਾ ਤਸਕਰੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਸੱਤਾਧਾਰੀ ਦਲ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਅਪਰਾਧੀ ਛਵੀ ਵਾਲੇ ਵਿਅਕਤੀਆਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ, ਜਿਸ ਨਾਲ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ।