- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫਾਈ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਦਾ ਸਮਾਜ 'ਤੇ ਸਦੀਵੀ ਪ੍ਰਭਾਵ ਪਵੇਗਾ : ਸੰਤ ਬਲਬੀਰ ਸਿੰਘ ਸੀਚੇਵਾਲ

-ਰਾਜ ਸਭਾ ਮੈਂਬਰ ਨੇ ਸਵੱਛਤਾ ਅਭਿਆਨ ’ਚ ਕੀਤੀ ਸ਼ਮੂਲੀਅਤ
-ਭਾਈਚਾਰਕ ਯਤਨਾਂ ਦੀ ਕੀਤੀ ਸ਼ਲਾਘਾ, ਹਰਿਆ-ਭਰਿਆ ਭਵਿੱਖ ਬਣਾਉਣ ਲਈ ਨੌਜਵਾਨਾਂ ਦੀ ਭੂਮਿਕਾ 'ਤੇ ਦਿੱਤਾ ਜ਼ੋਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਜ ਸਭਾ ਮੈਂਬਰ ਤੇ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਐਲਡੇਕੋ ਗ੍ਰੀਨਜ਼ ਸੁਸਾਇਟੀ ਵੱਲੋਂ ਆਪਣੇ ਕੈਂਪਸ ਵਿੱਚ ਕਰਵਾਏ ਗਏ ਸਵੱਛਤਾ ਅਭਿਆਨ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੁਸਾਇਟੀ ਵਾਸੀਆਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਲੋਨੀ ਦੇ ਵਸਨੀਕਾਂ ਨੇ ਖੁਦ ਅਤੇ ਆਪਣੇ ਬੱਚਿਆਂ ਨੂੰ ਇਸ ਮੁਹਿੰਮ ਨਾਲ ਜੋੜਦਿਆਂ ‘ਸਵੱਛ ਭਾਰਤ’ ਵਿਸ਼ੇ ’ਤੇ ਵੱਖ-ਵੱਖ ਮੁਕਾਬਲੇ ਕਰਵਾਏ ਅਤੇ ਜੇਤੂਆਂ ਨੂੰ ਇਨਾਮ ਵੰਡੇ।
ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਅਜਿਹੀਆਂ ਗਤੀਵਿਧੀਆਂ ਨਾਲ ਜੋੜਨ ਨਾਲ ਉਨ੍ਹਾਂ ਅੰਦਰ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਨਾਲ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਵਾਤਾਵਰਣ ਦੀ ਸੰਭਾਲ ਕਰਨ ਲਈ ਪ੍ਰੇਰਿਤ ਹੁੰਦੇ ਹਨ। ਇਸ ਤੋਂ ਪਹਿਲਾਂ ਸੁਸਾਇਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਕੈਂਪਸ ਵਿੱਚ ਸਵੱਛਤਾ ਰੈਲੀ ਕੱਢੀ ਗਈ। ਇਸ ਉਪਰੰਤ ਸਾਰਿਆਂ ਨੇ ਮਿਲ ਕੇ ਪੂਰੇ ਸੁਸਾਇਟੀ ਖੇਤਰ ਦੀ ਸਫਾਈ ਕੀਤੀ।
ਸੰਤ ਸੀਚੇਵਾਲ ਨੇ ਇਸ ਵਿਲੱਖਣ ਸਵੈ-ਇੱਛਕ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਨਾਗਰਿਕ ਆਪਣੇ ਆਲੇ-ਦੁਆਲੇ ਦੀ ਜ਼ਿੰਮੇਵਾਰੀ ਖੁਦ ਸੰਭਾਲਦੇ ਹਨ ਤਾਂ ਇੱਕ ਸਾਫ਼ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਸੰਭਵ ਹੁੰਦੀ ਹੈ। ਸਮਾਗਮ ਦੌਰਾਨ ਸੰਤ ਸੀਚੇਵਾਲ ਨੇ ਸਵੱਛਤਾ ਅਭਿਆਨ ਤਹਿਤ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਉਨ੍ਹਾਂ ਨੌਜਵਾਨਾਂ ਦੀ ਅਗਵਾਈ ਵਾਲੀ ਵਾਤਾਵਰਣ ਸੰਭਾਲ ਮੁਹਿੰਮ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਫਾਈ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਸਾਰੇ ਭਾਗੀਦਾਰਾਂ ਤੇ ਸੁਸਾਇਟੀ ਦੇ ਲੋਕਾਂ ਵਿੱਚ ਸਫਾਈ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਸਹੁੰ ਵੀ ਚੁਕਾਈ। ਇਸ ਮੌਕੇ ਮੁੱਖ ਸਪਾਂਸਰ ਭਗਵਾਨ ਦਾਸ ਚੌਧਰੀ, ਪ੍ਰੋਜੈਕਟ ਡਾਇਰੈਕਟਰ ਡਾ. ਸੁਗਾਨੀ, ਸੁਰਿੰਦਰ ਪਾਲ, ਗੋਪਾਲ ਕ੍ਰਿਸ਼ਨ, ਨਰੇਸ਼ ਸਰਨਾ, ਮੋਹਨ ਲੂਥਰਾ, ਸੰਜੇ ਗੁਲਾਟੀ, ਹੈਪੀ ਮੱਕੜ, ਰਾਕੇਸ਼ ਸ਼ਰਮਾ, ਟੀ.ਐੱਸ. ਬੱਗਾ, ਰਾਜੇਸ਼ ਪੁਰੀ, ਸੁਮਿਤ ਥੁਕਰਾਲ, ਕਵਲ ਨਯਨ, ਨੇਕਟਰ ਚੌਹਾਨ, ਨਰੇਸ਼ ਢੱਲ, ਵਰਿੰਦਰ ਕਾਂਸਲ, ਸੁਖਵਿੰਦਰ ਸਿੰਘ ‘ਸੁੱਖੀ’, ਰਾਜ ਕੁਮਾਰ, ਸੰਜੀਵ ਲਖਨਪਾਲ, ਡਾ. ਨਵਦੀਪ ਅਨੇਜਾ, ਨਵਤੇਜ ਸਿੰਘ, ਅਨੂਪ ਮਿਗਲਾਨੀ, ਐਡਵੋਕੇਟ ਰਾਜੇਸ਼ ਵਰਮਾ, ਐਸ.ਐਨ. ਚੋਪੜਾ ਤੇ ਸੌਰਵ ਸ਼ਰਮਾ ਸਮੇਤ ਹੋਰ ਪਤਵੰਤੇ ਮੌਜੂਦ ਸਨ। ਮੰਚ ਸੰਚਾਲਨ ਸ਼ਵੇਤਾ ਗੋਪਾਲ ਨੇ ਕੀਤਾ।