ਦੀਵਾਲੀ ਤੋਂ ਪਹਿਲਾਂ ਪਟਾਕਾ ਵਪਾਰੀ ਨਿਰਾਸ਼, ਮਾਰਕੀਟ ਲਈ ਹੁਣ ਤੱਕ ਜਗ੍ਹਾ ਤੈਅ ਨਹੀਂ ਦੀਵਾਲੀ ਤੋਂ ਪਹਿਲਾਂ ਪਟਾਕਾ ਵਪਾਰੀ ਨਿਰਾਸ਼, ਮਾਰਕੀਟ ਲਈ ਹੁਣ ਤੱਕ ਜਗ੍ਹਾ ਤੈਅ ਨਹੀਂ
Publish Date: Sun, 06 Sep 2026 08:19 PM (IST)
Updated Date: Mon, 07 Sep 2026 04:04 AM (IST)
- ਥਾਣਾ-7 ਸਾਹਮਣੇ ਸਰਕਾਰੀ ਜ਼ਮੀਨ 5 ਸਾਲ ਲਈ ਲੀਜ਼ ’ਤੇ ਦੇਣ ਦੀ ਮੰਗ ਜਾਗਰਣ ਸੰਵਾਦਦਾਤਾ, ਜਲੰਧਰ : ਦੀਵਾਲੀ ’ਚ ਦੋ ਮਹੀਨਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਪਰ ਪਟਾਕਾ ਮਾਰਕੀਟ ਲਈ ਜਗ੍ਹਾ ਤੈਅ ਨਾ ਹੋਣ ਕਾਰਨ ਪਟਾਕਾ ਵਪਾਰੀ ਪਰੇਸ਼ਾਨ ਹਨ। ਮਹਾਵੀਰ ਬਜਰੰਗ ਬਲੀ ਫਾਇਰ ਵਰਕਸ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਮਹਾਜਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾ ਰਿਹਾ ਤੇ ਪਿਛਲੇ ਦੋ ਵਰ੍ਹਿਆਂ ਤੋਂ ਸਿਰਫ਼ ਭਰੋਸੇ ਹੀ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 2025 ’ਚ ਬਰਲਟਨ ਪਾਰਕ ਤੋਂ ਪਟਾਕਾ ਮਾਰਕੀਟ ਹਟਾਏ ਜਾਣ ਤੋਂ ਬਾਅਦ ਹੁਣ ਤੱਕ ਕੋਈ ਸਥਾਈ ਤੇ ਵਿਵਸਥਿਤ ਜਗ੍ਹਾ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ। ਹਰ ਸਾਲ ਵਪਾਰੀਆਂ ਨੂੰ ਅਨਿਸ਼ਚਿਤਤਾ, ਆਰਥਿਕ ਦਬਾਅ ਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਖ਼ਰੀ ਸਮੇਂ ’ਤੇ ਪਠਾਨਕੋਟ ਚੌਕ ਨੇੜੇ ਬਣਾਈ ਗਈ ਅਸਥਾਈ ਮਾਰਕੀਟ ’ਚ ਜਗ੍ਹਾ ਦੀ ਭਾਰੀ ਕਮੀ ਸੀ। ਕਈ ਵਪਾਰੀਆਂ ਨੂੰ ਦੁਕਾਨ ਲਈ ਲੋੜੀਂਦੀ ਜਗ੍ਹਾ ਨਹੀਂ ਮਿਲੀ ਤੇ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਜਲੰਧਰ ਫਾਇਰ ਵਰਕਸ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਭੰਡਾਰੀ ਨੇ ਕਿਹਾ ਕਿ ਹਰ ਸਾਲ ਆਖਰੀ ਸਮੇਂ ਤੱਕ ਇੰਤਜ਼ਾਰ ਕਰਵਾਉਣਾ ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਦੀਵਾਲੀ ਦੀ ਤਿਆਰੀ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਪਰ ਜਗ੍ਹਾ ਹੀ ਤੈਅ ਨਾ ਹੋਵੇ ਤਾਂ ਵਪਾਰੀ ਯੋਜਨਾ ਕਿਵੇਂ ਬਣਾਉਣ। ਪ੍ਰਸ਼ਾਸਨ ਤੁਰੰਤ ਮੀਟਿੰਗ ਕਰਕੇ ਸਪੱਸ਼ਟ ਰੋਡਮੈਪ ਜਾਰੀ ਕਰੇ। ਮਹਾਸਚਿਵ ਰਾਜੇਸ਼ ਜੈਨ ਨੇ ਕਿਹਾ ਕਿ ਪਟਾਕਾ ਕਾਰੋਬਾਰ ਨਾਲ ਸੈਂਕੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਵਪਾਰੀਆਂ ਨੇ ਹਰ ਨਿਯਮ ਦੀ ਪਾਲਣਾ ਕੀਤੀ ਹੈ, ਫਿਰ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਸਮੇਂ ਸਿਰ ਜਗ੍ਹਾ ਨਾ ਮਿਲੀ ਤਾਂ ਇਸ ਵਾਰ ਵੀ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪਟਾਕਾ ਕਾਰੋਬਾਰ ਨਾਲ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੈ। ਦੀਵਾਲੀ ਦਾ ਕਾਰੋਬਾਰ ਪੂਰੇ ਸਾਲ ਦੀ ਆਮਦਨ ਦਾ ਵੱਡਾ ਹਿੱਸਾ ਹੁੰਦਾ ਹੈ। ਜਦੋਂ ਤੱਕ ਜਗ੍ਹਾ ਤੈਅ ਨਹੀਂ ਹੁੰਦੀ, ਉਦੋਂ ਤੱਕ ਮਾਲ ਦੀ ਖਰੀਦ ਤੇ ਲਾਇਸੈਂਸ ਪ੍ਰਕਿਰਿਆ ਕਿਵੇਂ ਪੂਰੀ ਕੀਤੀ ਜਾਵੇ। ਹੁਣ ਤੱਕ ਨਾ ਤਾਂ ਕੋਈ ਅਧਿਕਾਰਤ ਐਲਾਨ ਹੋਇਆ ਹੈ ਅਤੇ ਨਾ ਹੀ ਵਪਾਰੀਆਂ ਨਾਲ ਕੋਈ ਮੀਟਿੰਗ ਕੀਤੀ ਗਈ ਹੈ। ਕਾਰੋਬਾਰੀਆਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਮੀਟਿੰਗ ਬੁਲਾਏ ਤੇ ਲੋੜੀਂਦੀ ਜਗ੍ਹਾ, ਪਾਰਕਿੰਗ, ਸੁਰੱਖਿਆ ਤੇ ਅੱਗ ਬੁਝਾਊ ਸਹੂਲਤਾਂ ਵਾਲੀ ਥਾਂ ਚਿੰਨ੍ਹਿਤ ਕਰੇ। ਉਨ੍ਹਾਂ ਮੰਗ ਕੀਤੀ ਕਿ ਥਾਣਾ ਨੰਬਰ 7 ਸਾਹਮਣੇ ਖਾਲੀ ਪਈ ਸਰਕਾਰੀ ਜ਼ਮੀਨ ਘੱਟੋ-ਘੱਟ 5 ਸਾਲ ਲਈ ਪਟਾਕਾ ਵਪਾਰੀਆਂ ਨੂੰ ਲੀਜ਼ ’ਤੇ ਅਲਾਟ ਕੀਤੀ ਜਾਵੇ। ਵਪਾਰੀ ਲੀਜ਼ ’ਤੇ ਜਗ੍ਹਾ ਲੈਣ ਲਈ ਤਿਆਰ ਹਨ, ਸਿਰਫ਼ ਪ੍ਰਸ਼ਾਸਨ ਵੱਲੋਂ ਸਕਾਰਾਤਮਕ ਸਹਿਯੋਗ ਦੀ ਲੋੜ ਹੈ।