ਕਾਮਰੇਡ ਯੇਚੁਰੀ ਦੀ ਬਰਸੀ ’ਤੇ ਸੈਮੀਨਾਰ ਸੀਪੀਆਈਐੱਮ ਨੇ ਕਾਮਰੇਡ ਸੀਤਾ ਰਾਮ ਯੇਚੁਰੀ ਦੀ ਬਰਸੀ ’ਤੇ ਕਰਾਇਆ ਸੈਮੀਨਾਰ
Publish Date: Mon, 24 Aug 2026 07:43 PM (IST)
Updated Date: Mon, 24 Aug 2026 07:45 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸੀਪੀਆਈ (ਐੱਮ) ਪੰਜਾਬ ਇਕਾਈ ਵੱਲੋਂ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਮਰਹੂਮ ਕਾਮਰੇਡ ਸੀਤਾ ਰਾਮ ਯੇਚੁਰੀ ਦੀ ਦੂਜੀ ਬਰਸੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਤੋਂ ਪਹਿਲਾਂ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕਾਮਰੇਡ ਯੇਚੁਰੀ ਦੀ ਯਾਦ ’ਚ ਲਾਲ ਝੰਡਾ ਲਹਿਰਾਇਆ। ਇਸ ਉਪਰੰਤ ਹਾਜ਼ਰ ਸਾਥੀਆਂ ਵੱਲੋਂ ਉਨ੍ਹਾਂ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਸੈਮੀਨਾਰ ਦੀ ਪ੍ਰਧਾਨਗੀ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੇ ਕੀਤੀ, ਜਦਕਿ ਸੀਪੀਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਨਵਾਂਸ਼ਹਿਰ ਕਾਮਰੇਡ ਚਰਨਜੀਤ ਦੌਲਤਪੁਰ ਨੇ ਆਏ ਹੋਏ ਸਾਥੀਆਂ ਦਾ ਸਵਾਗਤ ਕੀਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮ) ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਕਿਹਾ ਕਿ ਕਾਮਰੇਡ ਸੀਤਾ ਰਾਮ ਯੇਚੁਰੀ ਦੀ ਰਾਜਨੀਤਿਕ ਸਮਝ ਤੇ ਦੂਰਅੰਦੇਸ਼ੀ ਦਾ ਕੋਈ ਮੁਕਾਬਲਾ ਨਹੀਂ ਸੀ। ਕਾਮਰੇਡ ਯੇਚੁਰੀ ਨੇ ਸੰਸਦ ਮੈਂਬਰ ਵਜੋਂ ਲੰਮਾ ਸਮਾਂ ਸਰਗਰਮ ਭੂਮਿਕਾ ਨਿਭਾਈ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਵਜੋਂ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਕਾਮਰੇਡ ਯੇਚੁਰੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ ਦੀ ਵਿਚਾਰਧਾਰਾ ਤੇ ਲੋਕਪੱਖੀ ਸੋਚ ਨੂੰ ਅੱਗੇ ਵਧਾਇਆ ਜਾਵੇ। ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਾਮਰੇਡ ਯੇਚੁਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਅਜਿਹੇ ਆਗੂ ਸਨ, ਜਿਨ੍ਹਾਂ ਦਾ ਵਿਰੋਧੀ ਪਾਰਟੀਆਂ ਦੇ ਆਗੂਆਂ ’ਚ ਵੀ ਸਤਿਕਾਰ ਸੀ। ਦੇਸ਼ ਦੇ ਜਮਹੂਰੀ ਤੇ ਧਰਮਨਿਰਪੱਖ ਢਾਂਚੇ ਦੀ ਰੱਖਿਆ ਲਈ ਧਰਮਨਿਰਪੱਖ ਤਾਕਤਾਂ ਦਾ ਇਕੱਠੇ ਹੋਣਾ ਸਮੇਂ ਦੀ ਲੋੜ ਹੈ। ਸੀਪੀਆਈ ਦੇ ਆਗੂ ਪਿਰਥੀਪਾਲ ਸਿੰਘ ਮਾੜੀ ਮੇਘਾ ਨੇ ਵੀ ਕਾਮਰੇਡ ਯੇਚੁਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਦੂਰਅੰਦੇਸ਼ ਆਗੂ ਦੱਸਿਆ। ਉਨ੍ਹਾਂ ਨੇ ਦੇਸ਼ ਦੇ ਮੌਜੂਦਾ ਹਾਲਾਤ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਕਾਮਰੇਡ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਗੁਰਮੀਤ ਸਿੰਘ ਕ੍ਰਿਸ਼ਨਾ, ਮਹਿੰਦਰ ਸਿੰਘ, ਸੀਤਲ ਸਿੰਘ, ਕੁਲਦੀਪ ਸਿੰਘ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।